
ਜੋੜੇ ਦੇ ਨੇ 10 ਪੁੱਤਰ ਅਤੇ ਅਗਲੇ ਦੀ ਹੈ ਤਿਆਰੀ, ਪਰ ਭੱਤਾ ਨਹੀਂ ਲੈਂਦੇ ਕੋਈ ਸਰਕਾਰੀ
ਆਕਲੈਂਡ, ਰਣਜੀਤ ਬਾਵਾ ਦਾ ਇਕ ਬਹੁਤ ਸੋਹਣਾ ਗੀਤ ਹੈ ਕਿ 'ਰੋਟੀ ਖਾਧੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਏ ਸਾਰੇ ਪੁਛਦੇ' ਬਹੁਤ ਹੀ ਵੱਡੇ ਮਾਇਨੇ ਰੱਖਦਾ ਹੈ। ਇਹ ਪਰਖੇ ਹੋਏ ਬੋਲ ਉਨ੍ਹਾਂ ਦੇ ਹਨ ਜਿਨ੍ਹਾਂ ਦੇ ਕੋਲ ਜਾਂ ਤਾਂ ਮਾਵਾਂ ਹਨ ਜਾਂ ਜਿਨ੍ਹਾਂ ਦੀਆਂ ਮਾਵਾਂ ਇਹ ਸੰਸਾਰ ਵਿਖਾ ਕੇ ਆਪ ਅਲੋਪ ਹੋ ਗਈਆਂ।ਅੱਜ ਨਿਊਜ਼ੀਲੈਂਡ ਦੇ ਵਿਚ ਇਕ ਮਾਂ ਦੀ ਕਹਾਣੀ ਪ੍ਰਕਾਸ਼ਤ ਹੋਈ ਜਿਹੜੀ ਕਿ 10 ਪੁੱਤਰਾਂ ਦੀ ਮਾਂ ਹੈ ਅਤੇ ਅਗਲਾ ਬੱਚਾ ਵੀ ਛੇਤੀ ਇਸ ਦੁਨੀਆਂ ਉਤੇ ਆ ਰਿਹਾ ਹੈ। ਇਸ ਮਾਂ ਨੂੰ ਸੁਪਰ ਮਾਂ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਮਾਂ ਦਾ ਨਾਂਅ ਹੈ ਲੇਡੀ ਜੋ ਟਗਾਂਟਾ ਟੇਰੇਕੀਆ। ਇਸ ਦਾ ਪਤੀ ਹੈ ਕੁੱਕ ਆਈਲੈਂਡ ਤੋਂ ਜਿਸ ਦਾ ਨਾਂਅ ਹੈ ਨਗਾ ਟਗਾਂਟਾ। ਇਸ ਦੇ ਪੁੱਤਰਾਂ ਦੀ ਉਮਰ ਕ੍ਰਮਵਾਰ 22, 20, 20, 12, 10, 8, 7, 5, 3 ਅਤੇ 1 ਹੈ। ਇਸ ਪਰਵਾਰ ਨੇ ਅਪਣਾ ਛੋਟਾ ਜਿਹਾ ਬਿਜ਼ਨਸ ਚਲਾਇਆ ਹੋਇਆ ਹੈ ਅਤੇ ਕਈ ਵੀ ਸਰਕਾਰੀ ਭੱਤਿਆਂ ਵੱਲ ਨਹੀਂ ਤੱਕਿਆ।
Lady Joe Taganta tarekia
ਇਸ ਪਰਵਾਰ ਦੇ ਹਫਤੇ ਦਾ ਕਰਿਆਨਾ 1000 ਡਾਲਰ ਦਾ ਆਉਂਦਾ ਹੈ ਅਤੇ ਪ੍ਰਤੀ ਦਿਨ 5 ਵੱਡੀਆਂ ਬ੍ਰੈਡਾਂ ਅਤੇ 6 ਲੀਟਰ ਦੁੱਧ ਵਰਤ ਹੋ ਜਾਂਦਾ ਹੈ। ਪਰਵਾਰ ਨੂੰ ਕਿਰਾਏ ਉਤੇ ਘਰ ਮਿਲਣ ਦੇ ਵਿਚ ਬਹੁਤ ਮੁਸ਼ਕਲ ਹੁੰਦੀ ਹੈ ਪਰ ਕਿਸੀ ਨਾ ਕਿਸੀ ਤਰ੍ਹਾਂ ਉਹ ਪ੍ਰਬੰਧ ਕਰ ਲੈਂਦੇ ਹਨ।ਇਹ ਜੋੜਾ ਅਪਣੇ ਬੱਚਿਆਂ ਨੂੰ ਅਨੁਸ਼ਾਸਨ ਵਿਚ ਸਖ਼ਤੀ ਨਾਲ ਰੱਖਦਾ ਹੈ ਅਤੇ ਸਾਰੇ ਘਰੇਲੂ ਕੰਮ ਉਹ ਵੰਡ ਕੇ ਕਰਦੇ ਹਨ। ਜਿਥੇ 10 ਸਾਲਾ ਬੱਚਾ ਘਰ ਨੂੰ ਸਾਫ਼ ਕਰ ਦਿੰਦਾ ਹੈ ਅਤੇ ਉਥੇ 8 ਸਾਲਾ ਬੱਚਾ ਬਾਥਰੂਮ ਆਦਿ ਸਾਫ਼ ਕਰ ਕੇ ਪਰਵਾਰ ਦੀ ਸਹਾਇਤਾ ਕਰਦੇ ਹਨ। ਪਰਵਾਰ ਨੇ ਕਦੀ ਵੀ ਜਨਮ ਤੋਂ ਪਹਿਲਾਂ ਮੁੰਡੇ ਕੁੜੀਆਂ ਦੀ ਪਰਖ ਨਹੀਂ ਕੀਤੀ ਅਤੇ ਇਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੇ ਪਰਿਵਾਰ ਵਿਚ ਕੁੜੀ ਵੀ ਹੋਵੇ। ਇਸ ਸੁਪਰ ਮਾਂ ਦਾ ਪੇਕਾ ਪਰਵਾਰ ਵੀ ਵੱਡਾ ਰਿਹਾ ਹੈ ਜਿਸ 'ਚ ਉਹ 10 ਭੈਣ-ਭਰਾਵਾਂ ਦੇ ਵਿਚੋਂ ਇਕ ਹੈ। ਉਸਦਾ ਪਿਤਾ 18 ਭੈਣ-ਭਰਾਵਾਂ ਦੇ ਵਿਚੋਂ ਇਕ ਸੀ ਅਤੇ ਉਸ ਦੀ ਮਾਂ 12 ਭੈਣ ਭਰਾਵਾਂ ਵਿਚੋਂ ਇਕ ਹੈ।