ਚੀਨ ਦਾ ਅਰੁਣਾਂਚਲ ’ਤੇ ਦਾਅਵਾ ਹੋਇਆ ਕਮਜ਼ੋਰ, ਸੀਨੇਟ ’ਚ ਵੋਟਿੰਗ ਲਈ ਪੇਸ਼ ਕੀਤਾ ਜਾਵੇਗਾ ਮਤਾ
ਸਾਨ ਫ਼ਰਾਂਸਿਸਕੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਤੋਂ ਕੁਝ ਸਮੇਂ ਬਾਅਦ ਅਮਰੀਕਾ ਦੀ ਸੰਸਦ ਦੀ ਇਕ ਕਮੇਟੀ ਨੇ ਅਰੁਣਾਂਚਲ ਪ੍ਰਦੇਸ਼ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਦੱਸਣ ਵਾਲਾ ਮਤਾ ਪਾਸ ਕੀਤਾ ਹੈ।
ਇਹ ਮਤਾ ਸੰਸਦ ਮੈਂਬਰ ਜੇਫ਼ ਮਰਕਲੇ, ਬਿਲ ਹੇਗੇਰਟੀ, ਟਿਕ ਕਾਇਨੇ ਅਤੇ ਕ੍ਰਿਸ ਵਾਨ ਹੋਲੇਨ ਨੇ ਵੀਰਵਾਰ ਨੂੰ ਪੇਸ਼ ਕੀਤਾ ਸੀ।
ਮੀਡੀਆ ਨੂੰ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਮਤੇ ’ਚ ਇਸ ਗੱਲ ਦੀ ਮੁੜ ਪੁਸ਼ਟੀ ਕੀਤੀ ਗਈ ਹੈ ਕਿ ਅਮਰੀਕਾ ਮੈਕਮੋਹਨ ਲਾਈਨ ਨੂੰ ਪੀਪਲਜ਼ ਰਿਪਬਲਿਕ ਆਫ਼ ਚਾਇਨਾ (ਪੀ.ਆਰ.ਸੀ.) ਅਤੇ ਭਾਰਤ ਦੇ ਸੂਬੇ ਅਰੁਣਾਂਚਲ ਪ੍ਰਦੇਸ਼ ਵਿਚਕਾਰ ਕੌਮਾਂਤਰੀ ਸਰਹੱਦ ਦੇ ਤੌਰ ’ਤੇ ਮਾਨਤਾ ਦਿੰਦਾ ਹੈ। ਇਸ ਨਾਲ ਚੀਨ ਦਾ ਇਹ ਦਾਅਵਾ ਕਮਜ਼ੋਰ ਹੁੰਦਾ ਹੈ ਕਿ ਅਰੁਣਾਂਚਲ ਪ੍ਰਦੇਸ਼ ਦਾ ਜ਼ਿਆਦਾਤਰ ਹਿੱਸਾ ਪੀ.ਆਰ.ਸੀ. ਦਾ ਹੈ।
ਇਸ ਮਤੇ ਨੂੰ ਹੁਣ ਵੋਟਿੰਗ ਲਈ ਸੀਨੇਟ ’ਚ ਪੇਸ਼ ਕੀਤਾ ਜਾਵੇਗਾ। ਸੰਸਦ ਮੈਂਬਰ ਮਰਕਲੇ ਨੇ ਕਿਹਾ, ‘‘ਇਹ ਮਤਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅਮਰੀਕਾ ਅਰੁਣਾਂਚਲ ਪ੍ਰਦੇਸ਼ ਨੂੰ ਭਾਰਤ ਦਾ ਅਨਿੱਖੜਵਾਂ ਹਿੱਸਾ ਮੰਨਦਾ ਹੈ ਅਤੇ ਮੈਂ ਅਪਣੇ ਸਾਥੀਆਂ ਨੂੰ ਇਸ ਨੂੰ ਬਗ਼ੈਰ ਦੇਰੀ ਤੋਂ ਪਾਸ ਕਰਨ ਦੀ ਅਪੀਲ ਕਰਦਾ ਹਾਂ।’’