
ਅਮਰੀਕੀ ਵਿੱਤ ਮੰਤਰੀ ਨੇ ਜੀ-7 ਵਿੱਤ ਮੰਤਰੀਆਂ ਨਾਲ ਗੱਲਬਾਤ ਦੌਰਾਨ ਟਰੰਪ ਦੀ ਅਪੀਲ ਸਬੰਧੀ ਦਿੱਤੀ ਜਾਣਕਾਰੀ
ਨਿਊਯਾਰਕ : ਅਮਰੀਕਾ ਨੇ ਜੀ 7 ਦੇਸ਼ਾਂ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਟੈਕਸ ਲਗਾਉਣ ਦੀ ਅਪੀਲ ਕੀਤੀ ਹੈ। ਅਮਰੀਕਾ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਮਾਸਕੋ ਦੀ ਜੰਗੀ ਮਸ਼ੀਨ ਨੂੰ ਧਨ ਮੁਹੱਈਆ ਕਰਵਾਉਣ ਵਾਲੇ ਸਰੋਤਾਂ ਨੂੰ ਬੰਦ ਕੀਤਾ ਜਾ ਸਕਦਾ ਹੈ। ਅਮਰੀਕਾ ਨੇ ਇਹ ਵੀ ਕਿਹਾ ਕਿ ਅਜਿਹਾ ਕਰਕੇ ਹੀ ਰੂਸ ਨੂੰ ‘ਬੇਵਕੂਫੀ ਭਰੀਆਂ ਹੱਤਿਆਵਾਂ’ ਤੋਂ ਰੋਕਣ ਲਈ ਲੋੜੀਂਦਾ ਦਬਾਅ ਬਣਾਇਆ ਜਾ ਸਕਦਾ ਹੈ।
ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਅਤੇ ਵਪਾਰ ਪ੍ਰਤੀਨਿਧ ਰਾਜਦੂਤ ਜੈਮੀਸਨ ਗਰੀਰ ਨੇ ਸ਼ੁੱਕਰਵਾਰ ਨੂੰ ਜੀ 7 ਵਿੱਤ ਮੰਤਰੀਆਂ ਨਾਲ ਗੱਲਬਾਤ ਕੀਤੀ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਪੀਲ ਬਾਰੇ ਦੱਸਿਆ। ਟਰੰਪ ਨੇ ਇਨ੍ਹਾਂ ਦੇਸ਼ਾਂ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਟੈਕਸ ਲਗਾਉਣ ਦੀ ਅਪੀਲ ਕੀਤੀ ਹੈ।
ਕੈਨੇਡਾ ਦੇ ਵਿੱਤ ਅਤੇ ਕੌਮੀ ਰੈਵੇਨਿਊ ਮੰਤਰੀ ਫਰਾਂਸਵਾ-ਫਿਲਿਪ ਸ਼ੈਂਪੇਨ ਨੇ ਯੂਕਰੇਨ ਖ਼ਿਲਾਫ਼ ਜੰਗ ਖ਼ਤਮ ਕਰਨ ਲਈ ਰੂਸ ’ਤੇ ਦਬਾਅ ਵਧਾਉਣ ਦੇ ਹੋਰ ਉਪਾਅ ਬਾਰੇ ਚਰਚਾ ਕਰਨ ਲਈ ਜੀ 7 ਦੇ ਮੈਂਬਰ ਦੇਸ਼ਾਂ ਦੇ ਵਿੱਤ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜੀ 7 ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ ਅਤੇ ਬਰਤਾਨੀਆ ਸਣੇ ਅਮੀਰ ਤੇ ਉਦਯੋਗਿਕ ਦੇਸ਼ਾਂ ਦਾ ਅੰਤਰ-ਸਰਕਾਰੀ ਸਮੂਹ ਹੈ। ਕੈਨੇਡਾ ਇਸ ਸਾਲ ਜੀ 7 ਦੀ ਪ੍ਰਧਾਨਗੀ ਕਰ ਰਿਹਾ ਹੈ।
ਗੱਲਬਾਤ ਤੋਂ ਬਾਅਦ ਅਮਰੀਕਾ ਦੇ ਵਿੱਤ ਵਿਭਾਗ ਨੇ ਇਕ ਬਿਆਨ ਵਿੱਚ ਕਿਹਾ, ‘‘ਜੀ 7 ਦੇ ਵਿੱਤ ਮੰਤਰੀਆਂ ਦੇ ਨਾਲ ਅੱਜ ਦੀ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਬੇਸੈਂਟ ਨੇ ਸਾਡੇ ਜੀ 7 ਭਾਈਵਾਲਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੀ ਗਈ ਅਪੀਲ ਦੋਹਰਾਈ ਕਿ ਜੇਕਰ ਉਹ ਯੂਕਰੇਨ ’ਚ ਜੰਗ ਖ਼ਤਮ ਕਰਨ ਲਈ ਵਚਨਬੱਧ ਹਨ ਤਾਂ ਉਨ੍ਹਾਂ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਟੈਕਸ ਲਗਾਉਣ ਵਿੱਚ ਅਮਰੀਕਾ ਦਾ ਸਾਥ ਦੇਣਾ ਹੋਵੇਗਾ।’’
ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਅਤੇ ਯੂਰਪੀ ਯੂਨੀਅਨ ਜਲਦੀ ਹੀ ਸੰਤੁਲਿਤ ਅਤੇ ਦੋਵੇਂ ਧਿਰਾਂ ਲਈ ਫਾਇਦੇਮੰਦ ਮੁਕਤ ਵਪਾਰ ਸਮਝੌਤੇ ਵਾਸਤੇ ਕੰਮ ਕਰਨ ਲਈ ਵਚਨਬੱਧ ਹਨ। ਯੂਰਪੀ ਯੂਨੀਅਨ ਦੇ ਵਪਾਰ ਕਮਿਸ਼ਨਰ ਮਾਰੋਸ ਸੈਫਕੋਵਿਕ ਅਤੇ ਯੂਰਪੀ ਖੇਤੀ ਕਮਿਸ਼ਨਰ ਕ੍ਰਿਸਟੌਫ ਹੇਨਸੈਨ ਵਪਾਰ ਸਮਝੌਤੇ ਲਈ ਚੱਲ ਰਹੀ ਗੱਲਬਾਤ ਨੂੰ ਰਫ਼ਤਾਰ ਦੇਣ ਵਾਸਤੇ ਇੱਥੇ ਆਏ ਸਨ। ਦੋਵੇਂ ਧਿਰਾਂ ਦੀਆਂ ਅਧਿਕਾਰਤ ਟੀਮਾਂ ਨੇ 13ਵੇਂ ਗੇੜ ਦੀ ਗੱਲਬਾਤ ਕੀਤੀ। ਗੋਇਲ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਭਾਰਤ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ (ਐੱਫ ਟੀ ਏ) ਦੇ 13ਵੇਂ ਗੇੜ ਦੀ ਗੱਲਬਾਤ ਲਈ ਤੁਹਾਡੀ ਮੇਜ਼ਬਾਨੀ ਕਰ ਕੇ ਸਾਨੂੰ ਖੁਸ਼ੀ ਹੋਈ। ਅਸੀਂ ਜਲਦੀ ਹੀ ਇਕ ਸੰਤੁਲਿਤ ਅਤੇ ਦੋਵੇਂ ਧਿਰਾਂ ਲਈ ਫਾਇਦੇਮੰਦ ਮੁਕਤ ਵਪਾਰ ਸਮਝੌਤੇ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਵਚਨਬੱਧ ਹਾਂ ਤਾਂ ਜੋ ਦੋਵੇਂ ਧਿਰਾਂ ਲਈ ਵਿਆਪਕ ਮੌਕੇ ਉਪਲਬਧ ਹੋਣ।