
ਟੈਲੀਵਿਜ਼ਨ ਦੇ ਰਿਮੋਟ ਨੂੰ ਲੈ ਕੇ ਮਾਂ-ਪੁੱਤ 'ਚ ਹੋਇਆ ਸੀ ਝਗੜਾ
ਲੰਡਨ : ਇੰਗਲੈਂਡ ਦੇ ਸ਼ਹਿਰ ਬ੍ਰਮਿੰਘਮ ਵਿਚ ਆਪਣੀ ਮਾਂ ਦਾ ਕਤਲ ਕਰਨ ਵਾਲੇ 39 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਪੈਰੋਲ ਉਤੇ ਵਿਚਾਰ ਕਰਨ ਤੋਂ ਪਹਿਲਾਂ ਘੱਟੋ-ਘੱਟ 15 ਸਾਲ ਕੈਦ ’ਚ ਰੱਖਣ ਦੇ ਹੁਕਮ ਦਿੱਤੇ ਗਏ ਹਨ। ਸੁਰਜੀਤ ਸਿੰਘ ਨੂੰ 76 ਸਾਲਾ ਮਹਿੰਦਰ ਕੌਰ ਦੀ ਹੱਤਿਆ ਦਾ ਦੋਸ਼ੀ ਮੰਨਿਆ ਗਿਆ ਸੀ, ਜਿਸ ਦੀ ਮੌਤ ਪਿਛਲੇ ਸਾਲ ਸਤੰਬਰ ’ਚ ਕਈ ਵਾਰ ਸੱਟਾਂ ਲੱਗਣ ਕਾਰਨ ਹੋਈ ਸੀ। ਬ੍ਰਮਿੰਘਮ ਕਰਾਊਨ ਕੋਰਟ ’ਚ ਸ਼ੁੱਕਰਵਾਰ ਨੂੰ ਸੁਰਜੀਤ ਸਿੰਘ ਨੂੰ ਇਹ ਸਜ਼ਾ ਸੁਣਾਈ ਗਈ। ਸੁਣਵਾਈ ਦੌਰਾਨ ਅਦਾਲਤ ’ਚ ਦੱਸਿਆ ਗਿਆ ਕਿ ਟੈਲੀਵੀਜ਼ਨ ਦੇ ਰਿਮੋਟ ਕੰਟਰੋਲ ਨੂੰ ਲੈ ਕੇ ਹੋਏ ਵਿਵਾਦ ਕਾਰਨ ਨਸ਼ੇੜੀ ਸੁਰਜੀਤ ਸਿੰਘ ਨੇ ਆਪਣੀ ਮਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ।
ਵੈਸਟ ਮਿਡਲੈਂਡਜ਼ ਪੁਲਿਸ ਜਾਂਚ ਅਧਿਕਾਰੀ ਨਿੱਕ ਬਾਰਨਸ ਨੇ ਕਿਹਾ ਕਿ ਇਸ ਹੱਤਿਆ ਨੇ ਇਕ ਪਰਿਵਾਰ ਨੂੰ ਤੋੜ ਦਿੱਤਾ ਹੈ ਅਤੇ ਅਸੀਂ ਪੀੜਤ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦੇ ਹਾਂ। ਬ੍ਰਮਿੰਘਮ ਦੇ ਸੋਹੋ ਖੇਤਰ ਦੇ ਵਸਨੀਕ ਸੁਰਜੀਤ ਸਿੰਘ ਦੇ ਖੂਨ ਜਾਂਚ ’ਚ ਕੋਕੀਨ ਤੇ ਸ਼ਰਾਬ ਪਾਈ ਗਈ। ਹਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਅਧਿਕਾਰੀ ਜਬਰਦਸਤੀ ਘਰ ’ਚ ਦਾਖਲ ਹੋਏ, ਜਿੱਥੇ ਮਹਿੰਦਰ ਕੌਰ ਨੂੰ ਲਿਵਿੰਗ ਰੂਮ ਦੇ ਫਰਸ ’ਤੇ ਪਈ ਹੋਈ ਵੇਖਿਆ ਗਿਆ ਸੀ। ਸੁਰਜੀਤ ਨੂੰ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ’ਚ ਪੇਸ਼ ਕੀਤਾ ਜਿਥੇ ਸਜ਼ਾ ਸੁਣਾਉਂਦਿਆਂ ਜੱਜ ਨੇ ਰਿਹਾ ਕਿ ਸੁਰਜੀਤ ਸਿੰਘ ਨੇ ਇਕ ਬਜ਼ੁਰਗ ਅਤੇ ਕਮਜ਼ੋਰ ਔਰਤ ’ਤੇ ਕਾਫੀ ਸਮੇਂ ਤੱਕ ਲਗਾਤਾਰ ਹਮਲਾ ਕੀਤਾ ਜੋ ਆਪਣੀ ਰੱਖਿਆ ਕਰਨ ’ਚ ਅਸਮਰੱਥ ਸੀ।