
ਕਿਹਾ, ਮੇਰੀ ਪਹਿਲ ਇਹ ਵੀ ਹੈ ਕਿ ਗਾਜ਼ਾ ’ਚ ਮਨੁੱਖੀ ਸੰਕਟ ਨਾਲ ਨਜਿੱਠਿਆ ਜਾਵੇ
ਵਾਸ਼ਿੰਗਟਨ, 14 ਅਕਤੂਬਰ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਫ਼ਲਸਤੀਨੀ ਖਾੜਕੂ ਜਥੇਬੰਦੀ ਹਮਾਸ ਅਲਕਾਇਦਾ ਤੋਂ ਵੀ ਬਦਤਰ ਹੈ। ਬਾਈਡਨ ਨੇ ਫ਼ਿਲਾਡੇਲਫ਼ੀਆ ’ਚ ‘ਹਾਈਡ੍ਰੋਜਨ ਹੱਬਸ’ ’ਚ ਅਪਣੇ ਸੰਬੋਧਨ ’ਚ ਕਿਹਾ, ‘‘ਸਾਨੂੰ ਜਿੰਨਾ ਵੱਧ ਇਸ ਹਮਲੇ ਬਾਰੇ ਪਤਾ ਲਗਦਾ ਹੈ ਉਹ ਓਨਾ ਹੋਰ ਜ਼ਿਆਦਾ ਭਿਆਨਕ ਲਗਦਾ ਹੈ। ਇਕ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ’ਚ 27 ਅਮਰੀਕੀ ਵੀ ਸ਼ਾਮਲ ਹਨ।’’
ਉਨ੍ਹਾਂ ਨੇ ਕਿਹਾ, ‘‘ਇਨ੍ਹਾਂ ਦੇ ਮੁਕਾਬਲੇ ਤਾਂ ਅਲਕਾਇਦਾ ਵੀ ਕੁਝ ਠੀਕ ਲਗਦਾ ਹੈ। ਇਹ ਸ਼ੈਤਾਨ ਹਨ। ਜਿਵੇਂ ਮੈਂ ਸ਼ੁਰੂਆਤ ਨਾਲ ਕਹਿੰਦਾ ਆ ਰਿਹਾ ਹਾਂ ਕਿ ਅਮਰੀਕਾ ਇਸ ਨੂੰ ਲੈ ਕੇ ਗ਼ਲਤੀ ਨਹੀਂ ਕਰ ਰਿਹਾ, ਉਹ ਇਜ਼ਰਾਈਲ ਨਾਲ ਹਨ।’’ ਰਾਸ਼ਟਰਪਤੀ ਨੇ ਕਿਹਾ, ‘‘ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕਲ ਇਜ਼ਰਾਈਲ ’ਚ ਸਨ ਅਤੇ ਅੱਜ ਰਖਿਆ ਮੰਤਰੀ ਲਾਇਡ ਆਸਟਿਨ ਉੱਥੇ ਹਨ।’’
ਉਨ੍ਹਾਂ ਕਿਹਾ, ‘‘ਅਸੀਂ ਇਹ ਯਕੀਨੀ ਕਰ ਰਹੇ ਹਾਂ ਕਿ ਇਜ਼ਰਾਈਲ ਨੂੰ ਅਪਣੀ ਰਖਿਆ ਲਈ ਜੋ ਕੁਝ ਵੀ ਚਾਹੀਦਾ ਹੈ ਉਹ ਉਸ ਕੋਲ ਹੋਵੇ ਅਤੇ ਉਹ ਹਮਲਿਆਂ ਦਾ ਜਵਾਬ ਦੇਣ। ਮੇਰੀ ਪਹਿਲ ਇਹ ਵੀ ਹੈ ਕਿ ਗਾਜ਼ਾ ’ਚ ਮਨੁੱਖੀ ਸੰਕਟ ਨਾਲ ਨਜਿੱਠਿਆ ਜਾਵੇ।’’
ਬਾਈਡਨ ਨੇ ਕਿਹਾ ਕਿ ਉਨ੍ਹਾਂ ਦੇ ਹੁਕਮ ’ਤੇ ਉਨ੍ਹਾਂ ਦੀ ਟੀਮ ਇਸ ਖੇਤਰ ’ਚ ਕੰਮ ਕਰ ਰਹੀ ਹੈ ਅਤੇ ਇਜ਼ਰਾਈਲ ਦੀ ਮਦਦ ਲਈ ਮਿਸਰ, ਜੌਰਡਨ ਅਤੇ ਹੋਰ ਅਰਬ ਦੇਸ਼ਾਂ ਦੀਆਂ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਨਾਲ ਸਿੱਧਾ ਸੰਵਾਦ ਕਰ ਰਹੀਆਂ ਹਨ।