
ਇਹ ਐਲਾਨ ਕੈਨੇਡੀਅਨ ਆਰਮਡ ਫੋਰਸਿਜ਼ ਨੇ ਕੀਤਾ ਹੈ।
ਟੋਰਾਂਟੋ: ਕੈਨੇਡਾ 'ਚ ਰਹਿਣ ਵਾਲੇ ਸਥਾਈ ਭਾਰਤੀ ਹੁਣ ਉੱਥੋਂ ਦੀ ਫੌਜ 'ਚ ਭਰਤੀ ਹੋ ਸਕਦੇ ਹਨ। ਇਹ ਐਲਾਨ ਕੈਨੇਡੀਅਨ ਆਰਮਡ ਫੋਰਸਿਜ਼ ਨੇ ਕੀਤਾ ਹੈ। ਰਿਪੋਰਟਾਂ ਮੁਤਾਬਕ ਕੈਨੇਡੀਅਨ ਫੌਜ ਵਿਚ ਹਜ਼ਾਰਾਂ ਅਸਾਮੀਆਂ ਖਾਲੀ ਹਨ। ਸਰਕਾਰ ਵੱਲੋਂ ਇਹਨਾਂ ਅਸਾਮੀਆਂ ਨੂੰ ਭਰਨ ਲਈ ਯਤਨ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 2021 ਤੱਕ ਕੈਨੇਡਾ ਵਿਚ 80 ਲੱਖ ਤੋਂ ਵੱਧ ਪ੍ਰਵਾਸੀ ਸਨ, ਯਾਨੀ ਕੁੱਲ ਕੈਨੇਡੀਅਨ ਆਬਾਦੀ ਦਾ ਲਗਭਗ 21.5 ਪ੍ਰਤੀਸ਼ਤ।
ਪਿਛਲੇ ਸਾਲ ਤਕਰੀਬਨ 1 ਲੱਖ ਭਾਰਤੀ ਕੈਨੇਡਾ ਦੇ ਪੱਕੇ ਵਸਨੀਕ ਬਣੇ। ਦੇਸ਼ ਨੇ ਰਿਕਾਰਡ 405,000 ਨਵੇਂ ਪ੍ਰਵਾਸੀਆਂ ਨੂੰ ਸ਼ਰਨ ਦਿੱਤੀ। 2022 ਅਤੇ 2024 ਦਰਮਿਆਨ 10 ਲੱਖ ਤੋਂ ਵੱਧ ਨਵੇਂ ਪ੍ਰਵਾਸੀਆਂ ਦੇ ਕੈਨੇਡਾ ਵਿਚ ਪੱਕੇ ਨਿਵਾਸੀ ਬਣਨ ਦੀ ਉਮੀਦ ਹੈ। ਇਕ ਗੈਰ-ਮੁਨਾਫ਼ਾ ਸੰਸਥਾ ਰਾਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਆਫ ਨੋਵਾ ਸਕੋਸ਼ੀਆ ਅਨੁਸਾਰ ਸਥਾਈ ਨਿਵਾਸੀ ਪਹਿਲਾਂ ਕੇਵਲ ਹੁਨਰਮੰਦ ਮਿਲਟਰੀ ਵਿਦੇਸ਼ੀ ਬਿਨੈਕਾਰ (SMFA) ਦਾਖਲਾ ਪ੍ਰੋਗਰਾਮ ਦੇ ਤਹਿਤ ਯੋਗ ਸਨ।
CIC ਨਿਊਜ਼ ਨੇ ਦੱਸਿਆ ਹੈ ਕਿ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ (DND) ਆਉਣ ਵਾਲੇ ਦਿਨਾਂ ਵਿਚ ਨੀਤੀ ਵਿਚ ਬਦਲਾਅ ਦੇ ਸਬੰਧ ਵਿਚ ਇਕ ਰਸਮੀ ਘੋਸ਼ਣਾ ਕਰ ਸਕਦਾ ਹੈ। ਮਾਰਚ ਵਿਚ ਕੈਨੇਡੀਅਨ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਸੀ ਕਿ ਯੂਕਰੇਨ ਉੱਤੇ ਰੂਸ ਦੇ ਹਮਲੇ ਕਾਰਨ ਬਦਲਦੇ ਗਲੋਬਲ ਭੂ-ਰਾਜਨੀਤਿਕ ਲੈਂਡਸਕੇਪ ਵਿਚ CAF ਨੂੰ ਵਧਣ ਦੀ ਲੋੜ ਹੈ। ਸਤੰਬਰ ਵਿਚ ਸੀਏਐਫ ਨੇ ਫੌਜ ਵਿਚ ਹਜ਼ਾਰਾਂ ਖਾਲੀ ਅਸਾਮੀਆਂ ਨੂੰ ਭਰਨ ਦੀ ਗੱਲ ਕੀਤੀ ਸੀ।
ਟੋਰਾਂਟੋ ਸਟਾਰ ਨੇ ਦੱਸਿਆ ਕਿ ਕੈਨੇਡਾ ਵਿਚ 12,000 ਦੇ ਕਰੀਬ ਸਥਾਈ ਸੈਨਿਕ ਹਨ। ਹਾਲ ਹੀ ਵਿਚ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਨੇ ਘੋਸ਼ਣਾ ਕੀਤੀ ਕਿ ਉਹ ਆਪਣੀ ਪੁਰਾਣੀ ਭਰਤੀ ਪ੍ਰਕਿਰਿਆ ਨੂੰ ਬਦਲ ਰਹੇ ਹਨ ਤਾਂ ਜੋ ਉਹ ਵਿਦੇਸ਼ੀ ਜੋ ਕੈਨੇਡਾ ਵਿਚ 10 ਸਾਲਾਂ ਤੋਂ ਰਹਿ ਰਹੇ ਹਨ, ਨੂੰ ਅਪਲਾਈ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।