
ਹਮਲਾਵਰ ਅਜੇ ਤੱਕ ਫਰਾਰ
ਵਰਜੀਨੀਆ - ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਵਾਪਰੀ ਹੈ। ਇਸ ਵਾਰ ਗੋਲੀਬਾਰੀ ਵਰਜੀਨੀਆ ਯੂਨੀਵਰਸਿਟੀ ਵਿੱਚ ਹੋਈ, ਜਿਸ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਅਤੇ ਦੋ ਲੋਕ ਜ਼ਖ਼ਮੀ ਹੋ ਗਏ। ਹਮਲਾਵਰ ਅਜੇ ਤੱਕ ਫ਼ੜਿਆ ਨਹੀਂ ਗਿਆ।
ਯੂਵੀਏ ਐਮਰਜੈਂਸੀ ਮੈਨੇਜਮੈਂਟ ਨੇ ਟਵੀਟ ਕੀਤਾ ਕਿ ਪੁਲਿਸ ਅਤੇ ਹੈਲੀਕਾਪਟਰਾਂ ਰਾਹੀਂ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਭਾਲ ਵਾਸਤੇ, ਯੂਨੀਵਰਸਿਟੀ ਆਫ਼ ਵਰਜੀਨੀਆ, ਸ਼ਾਰਲਟਸਵਿਲੇ ਦਾ ਮੁੱਖ ਕੈਂਪਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਯੂਵੀਏ ਦੇ ਪ੍ਰਤੀਨਿਧੀ ਜਿਮ ਰਿਆਨ ਨੇ ਕਿਹਾ ਕਿ ਸ਼ੱਕੀ ਹਮਲਾਵਰ ਯੂਨੀਵਰਸਿਟੀ ਦਾ ਵਿਦਿਆਰਥੀ ਕ੍ਰਿਸਟੋਫ਼ਰ ਡਾਰਨੈਲ ਜੋਨਸ ਹੈ, ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਸਾਰੀਆਂ ਕਲਾਸਾਂ ਫ਼ਿਲਹਾਲ ਰੋਕ ਦਿੱਤੀਆਂ ਗਈਆਂ ਹਨ।
ਯੂਵੀਏ ਪੁਲਿਸ ਵਿਭਾਗ ਨੇ ਟਵੀਟ ਕੀਤਾ ਕਿ ਕ੍ਰਿਸਟੋਫ਼ਰ ਡਾਰਨੈਲ ਜੋਨਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਉਸਦੀ ਫ਼ੋਟੋ ਜਾਰੀ ਕਰਕੇ ਦੱਸਿਆ ਕਿ ਇਹ ਵਿਅਕਤੀ ਪੁਲਿਸ ਨੂੰ ਲੋੜੀਂਦਾ ਹੈ। ਇਸ ਦੇ ਨਾਲ ਹੀ ਪੁਲਿਸ ਦੀਆਂ ਕਈ ਟੀਮਾਂ ਵੀ ਇਸ ਕੰਮ ਲਈ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਦੋਸ਼ੀ ਕ੍ਰਿਸਟੋਫ਼ਰ ਯੂਵੀਏ ਫੁੱਟਬਾਲ ਟੀਮ ਦਾ ਸਾਬਕਾ ਖਿਡਾਰੀ ਵੀ ਰਹਿ ਚੁੱਕਾ ਹੈ।