
ਹਮਲੇ ਬਾਰੇ ਹੋਰਾਂ ਨੂੰ ਸੁਚੇਤ ਕਰਨ ਲਈ ਦੋ ਦਿਨ ਲੱਗ ਗਏ ਅਤੇ ਜਾਂਚਕਰਤਾਵਾਂ ਨੂੰ ਘਟਨਾ ਸਥਾਨ ’ਤੇ ਪਹੁੰਚਣ ਲਈ ਚਾਰ ਦਿਨ ਹੋਰ ਲੱਗੇ
Burkina Faso: ਇਸ ਮਹੀਨੇ ਦੇ ਸ਼ੁਰੂ ਵਿਚ ਉੱਤਰੀ ਬੁਰਕੀਨਾ ਫਾਸੋ ਦੇ ਇਕ ਪਿੰਡ ’ਚ ਅਣਪਛਾਤੇ ਹਮਲਾਵਰਾਂ ਨੇ ਲਗਭਗ 70 ਲੋਕਾਂ ਦਾ ਕਤਲ ਕਰ ਦਿਤਾ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਪ੍ਰਸ਼ਾਸਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਇਸ ਕਤਲੇਆਮ ਦੀ ਜਾਂਚ ਕੀਤੀ ਜਾ ਰਹੀ ਹੈ।
ਸਰਕਾਰੀ ਵਕੀਲ ਸਾਈਮਨ ਬੀ ਗਨਾਨੋ ਨੇ ਦਸਿਆ ਕਿ ਹਮਲਾ ਬੋਲਾਸਾ ਸ਼ਹਿਰ ਤੋਂ ਕਰੀਬ 60 ਕਿਲੋਮੀਟਰ ਦੂਰ ਜ਼ਾਂਗੋ ਪਿੰਡ ’ਚ ਹੋਇਆ। ਉਨ੍ਹਾਂ ਇਕ ਪ੍ਰੈਸ ਬਿਆਨ ’ਚ ਦਸਿਆ ਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਕਤਲੇਆਮ ਪਿੱਛੇ ਕੌਣ ਹੈ।
ਪਛਮੀ ਅਫਰੀਕੀ ਦੇਸ਼ ਸਾਲਾਂ ਤੋਂ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਜੇਹਾਦੀ ਕੱਟੜਪੰਥੀਆਂ ਨਾਲ ਲੜ ਰਿਹਾ ਹੈ। ਇਨ੍ਹਾਂ ਸੰਘਰਸ਼ਾਂ ਵਿਚ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ 20 ਲੱਖ ਤੋਂ ਵੱਧ ਲੋਕ ਅੰਦਰੂਨੀ ਤੌਰ ’ਤੇ ਬੇਘਰ ਹੋ ਗਏ ਹਨ।
ਯੂਰਪੀਅਨ ਯੂਨੀਅਨ ਨੇ ਐਤਵਾਰ ਨੂੰ ਕਿਹਾ ਕਿ ਪਿੰਡ ’ਚ ਹੋਏ ਕਤਲੇਆਮ ’ਚ ਮਰਨ ਵਾਲਿਆਂ ਦੀ ਗਿਣਤੀ 100 ਸੀ, ਪਰ ਗਨਾਨੋ ਨੇ ਕਿਹਾ ਕਿ ਜਾਂਚਕਰਤਾ ਪੀੜਤਾਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਜਲਦੀ ਹੀ ਮਰਨ ਵਾਲਿਆਂ ਦੀ ਗਿਣਤੀ 70 ਰਹਿਣ ਬਾਰੇ ਸੋਧ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਸਥਾਨਕ ਕਾਨੂੰਨ ਏਜੰਸੀ ਨੂੰ ਹਮਲੇ ਬਾਰੇ ਹੋਰਾਂ ਨੂੰ ਸੁਚੇਤ ਕਰਨ ਲਈ ਦੋ ਦਿਨ ਲੱਗ ਗਏ ਅਤੇ ਜਾਂਚਕਰਤਾਵਾਂ ਨੂੰ ਘਟਨਾ ਸਥਾਨ ’ਤੇ ਪਹੁੰਚਣ ਲਈ ਚਾਰ ਦਿਨ ਹੋਰ ਲੱਗੇ, ਜਿੱਥੇ ਉਨ੍ਹਾਂ ਨੇ ਦਰਜਨਾਂ ਘਰ ਸੜੇ ਹੋਏ ਪਾਏ। ਉਨ੍ਹਾਂ ਕਿਹਾ ਕਿ ਇਕ ਸਮੇਂ ਜਾਂਚਕਰਤਾਵਾਂ ਦੇ ਕਾਫਲੇ ’ਤੇ ਵੀ ਹਮਲਾ ਹੋਇਆ ਸੀ, ਪਰ ਇਸ ਨੂੰ ਨਾਕਾਮ ਕਰ ਦਿਤਾ ਗਿਆ ਸੀ।
(For more news apart from Burkina Faso, stay tuned to Rozana Spokesman)