
ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਨਾਲ ਸਬੰਧਤ ਸੀ ਮਿੰਨੀ ਵੇਟਿਕਲ
ਹਿਊਸਟਨ : ਅਮਰੀਕਾ ਦੇ ਹਿਊਸਟਨ ਸ਼ਹਿਰ ਵਿਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਇੱਕ ਭਾਰਤੀ ਮੂਲ ਦੀ ਅਮਰੀਕੀ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਮਿੰਨੀ ਵੇਟਿਕਲ ਦੇ ਰੂਪ ਵਿਚ ਹੋਈ ਹੈ ਅਤੇ ਉਹ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਨਾਲ ਸਬੰਧਿਤ ਸੀ।
ਹਿਊਸਟਨ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਬੁਧਵਾਰ ਉਸ ਵਕਤ ਵਾਪਰਿਆ ਜਦੋਂ ਮਿੰਨੀ ਵੇਟਿਕਲ ਕਿਸੇ ਕੰਮ ਲਈ ਕਾਰ ਵਿਚ ਜਾ ਰਹੀ ਸੀ ਅਤੇ ਰਸਤੇ ਵਿਚ ਇੱਕ ਤੇਜ਼ ਰਫਤਾਰ ਮੋਟਰਸਾਈਕਲ ਨੇ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ਮਿੰਨੀ ਵੇਟਿਕਲ ਅਤੇ ਮੋਟਰਸਾਈਕਲ ਸਵਾਰ ਦੀ ਵੀ ਮੌਤ ਹੋ ਗਈ ਹੈ।
ਬੇਲਰ ਯੂਨੀਵਰਸਿਟੀ ਵਿੱਚ ਮਿੰਨੀ ਨਾਲ ਕੰਮ ਕਰਨ ਵਾਲੇ ਇੱਕ ਸਾਥੀ ਨੇ ਦੱਸਿਆ ਕਿ ਉਸ ਨੇ ਹੈਰਿਸ ਹੈਲਥ ਕਲੀਨਿਕ ਵਿੱਚ ਕੰਮ ਕੀਤਾ, ਨਾਲ ਹੀ ਉਸ ਨੇ ਆਪਣੀ ਜ਼ਿੰਦਗੀ ਗਰੀਬਾਂ ਲਈ ਕੰਮ ਕਰਨ ਲਈ ਸਮਰਪਿਤ ਕੀਤੀ ਸੀ। ਦੋਸਤਾਂ ਅਤੇ ਪਰਿਵਾਰ ਨੇ ਉਸ ਨੂੰ ਇੱਕ ਦੂਤ, ਨਿਮਰ ਅਤੇ ਨਿਰਸਵਾਰਥ ਸੇਵਾ ਦੇ ਨਾਲ ਦਿਆਲੂ ਦੱਸਿਆ। ਮਿੰਨੀ ਵੇਟਿਕਲ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਹਿਊਸਟਨ ਵਿੱਚ ਰਹਿੰਦੀ ਸੀ। ਉਹ ਡਾਂਸ ਅਤੇ ਬਲੌਗਿੰਗ ਦੀ ਸ਼ੌਕੀਨ ਸੀ ਅਤੇ ਪੰਜ ਬੱਚਿਆਂ ਦੀ ਮਾਂ ਸੀ।