
ਮੈਨੇਜਰ ਉੱਤੇ ਲੱਗੇ ਵਿਤਕਰਾ ਕਰਨ ਦੇ ਇਲਜ਼ਾਮ
ਲੰਡਨ - ਇੱਕ ਭਾਰਤੀ ਲੈਕਚਰਾਰ ਨੇ ਬ੍ਰਿਟੇਨ ਦੀ ਇੱਕ ਯੂਨੀਵਰਸਿਟੀ ਵਿਰੁੱਧ ਭੇਦਭਾਵ ਦਾ ਕੇਸ ਜਿੱਤਿਆ ਹੈ, ਜਿਸ ਦੀ ਚੋਣ ਪ੍ਰਕਿਰਿਆ, ਰੁਜ਼ਗਾਰ ਟ੍ਰਿਬਿਊਨਲ ਅਨੁਸਾਰ, 'ਨਸਲੀ ਵਿਤਕਰੇ ਨਾਲ ਦਾਗ਼ਦਾਰ' ਸੀ।
ਪੋਰਟਸਮਾਊਥ ਯੂਨੀਵਰਸਿਟੀ ਡਾ. ਕਾਜਲ ਸ਼ਰਮਾ ਨੂੰ ਉਸ ਨੌਕਰੀ 'ਤੇ ਦੁਬਾਰਾ ਨਿਯੁਕਤ ਕਰਨ ਵਿੱਚ ਨਾਕਾਮ ਰਹੀ ਸੀ, ਜੋ ਉਹ ਪੰਜ ਸਾਲਾਂ ਤੋਂ ਕਰ ਰਹੀ ਸੀ, ਅਤੇ ਉਸ ਦੀ ਥਾਂ ਇੱਕ ਗੋਰੇ ਉਮੀਦਵਾਰ ਨੂੰ ਨਿਯੁਕਤ ਕੀਤਾ ਗਿਆ ਜਿਸ ਨੂੰ ਸੌਂਪੀ ਗਈ ਭੂਮਿਕਾ ਦਾ ਕੋਈ ਤਜਰਬਾ ਨਹੀਂ ਸੀ।
ਜਦ ਕਿ ਉਸ ਦੇ 12 ਵਿੱਚੋਂ 11 ਗੋਰੇ ਸਾਥੀਆਂ ਨੂੰ ਉਹਨਾਂ ਦੇ ਇਕਰਾਰਨਾਮੇ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਨਿਯੁਕਤ ਕੀਤਾ ਗਿਆ ਸੀ। ਸ਼ਰਮਾ ਨੂੰ 2016 ਵਿੱਚ ਇੱਕ ਸੀਨੀਅਰ ਲੈਕਚਰਾਰ ਵਜੋਂ ਨਿਯੁਕਤ ਕੀਤਾ ਗਿਆ ਸੀ, ਪਰ ਉਸ ਨੂੰ ਉਸ ਦੀ ਨੌਕਰੀ 'ਤੇ ਵਾਪਸ ਨਿਯੁਕਤ ਨਹੀਂ ਕੀਤਾ ਗਿਆ।
ਟ੍ਰਿਬਿਊਨਲ ਨੇ ਆਪਣੇ ਫ਼ੈਸਲੇ ਵਿੱਚ ਯੂਨੀਵਰਸਿਟੀ ਨੂੰ ਇਸ ਤੱਥ ਨੂੰ ਨਜ਼ਰਅੰਦਾਜ਼ ਕਰਨ ਲਈ ਝਾੜ ਪਾਈ ਕਿ "ਅਕਾਦਮਿਕ ਸਟਾਫ਼ ਦੇ ਇੱਕ ਸੀਨੀਅਰ ਮੈਂਬਰ ਜੋ ਇੱਕ BAME (Black, Asian, and Minority Ethnic ਭਾਵ ਕਾਲਾ, ਏਸ਼ੀਆਈ ਅਤੇ ਘੱਟ ਗਿਣਤੀ ਨਸਲੀ) ਔਰਤ ਸੀ, ਉਸ ਨੂੰ ਇੱਕ ਅਹੁਦੇ 'ਤੇ ਦੁਬਾਰਾ ਨਿਯੁਕਤ ਨਹੀਂ ਕੀਤਾ ਗਿਆ।"
ਸਾਊਥੈਂਪਟਨ ਵਿੱਚ ਕੇਸ ਦੀ ਸੁਣਵਾਈ ਦੌਰਾਨ, ਸ਼ਰਮਾ ਨੇ ਟ੍ਰਿਬਿਊਨਲ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਮੈਨੇਜਰ, ਡਾਕਟਰ ਗੈਰੀ ਰੀਸ ਨਾਲ ਉਸ ਦਾ ਰਿਸ਼ਤਾ ਬੜਾ 'ਮੁਸ਼ਕਿਲ' ਭਰਿਆ ਸੀ।
ਇੱਕ ਉਦਾਹਰਣ ਦਾ ਹਵਾਲਾ ਦਿੰਦੇ ਹੋਏ, ਉਸ ਨੇ ਕਿਹਾ ਕਿ ਰੀਸ ਨੇ ਉਸ ਨੂੰ ਉਸ ਦੇ ਪਿਤਾ ਦੀ ਮੌਤ ਤੋਂ ਤੁਰੰਤ ਬਾਅਦ ਯੂਨੀਵਰਸਿਟੀ ਵਿੱਚ ਕੰਮ ਕਰਨ ਲਈ ਕਿਹਾ ਸੀ।
ਸ਼ਰਮਾ ਨੇ ਅੱਗੇ ਕਿਹਾ ਕਿ ਜਦੋਂ ਉਹ ਆਪਣੇ ਗੰਭੀਰ ਬਿਮਾਰ ਬੱਚੇ ਦੀ ਦੇਖਭਾਲ ਕਰ ਰਹੀ ਸੀ, ਤਾਂ ਉਸ ਲਈ ਕੰਮ ਵਾਲੀ ਥਾਂ 'ਤੇ ਕੋਈ ਢੁਕਵੀਂ ਮਦਦ ਨਹੀਂ ਸੀ।
ਟ੍ਰਿਬਿਊਨਲ ਨੂੰ ਦੱਸਿਆ ਗਿਆ ਕਿ ਰੀਸ ਨੇ ਇੱਕ ਗੋਰੇ ਸਹਿਯੋਗੀ ਨੂੰ ਵਾਧੂ ਯੋਗਤਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ, ਪਰ ਜਦੋਂ ਸ਼ਰਮਾ ਅਜਿਹਾ ਕਰਨਾ ਚਾਹੁੰਦੀ ਸੀ ਤਾਂ ਉਸ ਦਾ ਸਾਥ ਨਹੀਂ ਦਿੱਤਾ।
ਇਕਰਾਰਨਾਮਾ ਖਤਮ ਹੋਣ ਤੋਂ ਪਹਿਲਾਂ ਨੌਕਰੀ ਲਈ ਦੁਬਾਰਾ ਅਰਜ਼ੀ ਦਿੰਦੇ ਹੋਏ, ਜਦੋਂ ਸ਼ਰਮਾ ਇੰਟਰਵਿਊ ਪੈਨਲ ਦੇ ਸਾਹਮਣੇ ਪੇਸ਼ ਹੋਈ, ਤਾਂ ਉਸ ਵਿੱਚ ਵੀ ਰੀਸ ਸ਼ਾਮਲ ਸੀ, ਅਤੇ ਉਹ ਇਸ ਕਰਕੇ ਨਿਯੁਕਤੀ 'ਚ ਨਾਕਾਮ ਰਹੀ ਕਿਉਂ ਕਿ ਉਸ ਦੇ ਵਿਰੋਧੀ ਨੂੰ ਰੀਸ ਦਾ ਸਮਰਥਨ ਪ੍ਰਾਪਤ ਸੀ।
ਟ੍ਰਿਬਿਊਨਲ ਨੇ ਕਿਹਾ ਕਿ ਇਹ ਤੱਥ ਕਿ ਉਸ ਨੂੰ ਉਸ ਦੀ ਨੌਕਰੀ 'ਤੇ ਦੁਬਾਰਾ ਨਿਯੁਕਤ ਨਹੀਂ ਕੀਤਾ ਗਿਆ ਸੀ, 'ਅਸਾਧਾਰਨ' ਸੀ ਅਤੇ ਇਸ 'ਤੇ ਸਵਾਲ ਖੜ੍ਹੇ ਹੋਣੇ ਚਾਹੀਦੇ ਸਨ।
ਟ੍ਰਿਬਿਊਨਲ ਨੇ ਇਹ ਨਤੀਜਾ ਕੱਢਿਆ ਕਿ ਰੀਸ ਸ਼ਰਮਾ ਨਾਲ ਉਸ ਤਰੀਕੇ ਦਾ ਵਿਵਹਾਰ ਨਹੀਂ ਕਰਦਾ ਸੀ, ਜਿਹੋ ਜਿਹਾ ਉਹ ਦੂਜਿਆਂ ਨਾਲ ਕਰਦਾ ਸੀ, ਜਿਵੇਂ ਕਿ ਸ਼ਰਮਾ ਨੂੰ ਪਿਤਾ ਦੀ ਮੌਤ, ਅਤੇ ਬੱਚੇ ਦੀ ਬਿਮਾਰੀ ਵਰਗੇ ਮੌਕਿਆਂ 'ਤੇ ਉਸ ਨੂੰ ਸਮਰਥਨ ਦੀ ਲੋੜ ਸੀ, ਪਰ ਰੀਸ ਵੱਲੋਂ ਉਸ ਨੂੰ ਉਹ ਪ੍ਰਾਪਤ ਨਹੀਂ ਹੋਇਆ।