ਅਮਰੀਕਾ ਦੇ ਸੈਨ ਫਰਾਂਸਿਸਕੋ 'ਚ ਮਿਲੀ ਲਾਸ਼, ਪੁਲਿਸ ਨੇ ਦਸਿਆ ਖ਼ੁਦਕੁਸ਼ੀ
International News: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਿੱਗਜ ਓਪਨਏਆਈ ਦੇ ਭਾਰਤੀ ਮੂਲ ਦੇ ਸਾਬਕਾ ਕਰਮਚਾਰੀ ਨੇ ਸੈਨ ਫਰਾਂਸਿਸਕੋ ਵਿੱਚ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 'ਦਿ ਮਰਕਰੀ ਨਿਊਜ਼' ਨੇ ਸੈਨ ਫਰਾਂਸਿਸਕੋ ਪੁਲਿਸ ਅਤੇ ਚੀਫ਼ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਸੁਚੀਰ ਬਾਲਾਜੀ 26 ਨਵੰਬਰ ਨੂੰ ਸੈਨ ਫਰਾਂਸਿਸਕੋ ਦੀ ਬੁਕਾਨਨ ਸਟਰੀਟ 'ਤੇ ਸਥਿਤ ਆਪਣੇ ਅਪਾਰਟਮੈਂਟ 'ਚ ਮ੍ਰਿਤਕ ਪਾਏ ਗਏ ਸਨ। ਮੈਡੀਕਲ ਜਾਂਚਕਰਤਾ ਦੇ ਦਫ਼ਤਰ ਨੇ ਕਿਹਾ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ, ਜਦਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ "ਫ਼ਿਲਹਾਲ ਇਸ ਵਿਚ ਕਿਸੇ ਗੜਬੜੀ ਦਾ ਕੋਈ ਸਬੂਤ ਨਹੀਂ ਹੈ।" 26 ਨਵੰਬਰ ਦਾ ਇਹ ਮਾਮਲਾ 14 ਦਸੰਬਰ ਨੂੰ ਚਰਚਾ ਵਿੱਚ ਆਇਆ।
ਬਾਲਾਜੀ ਮਸ਼ਹੂਰ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਦੀਆਂ ਗਤੀਵਿਧੀਆਂ ਵਿਰੁਧ ਆਵਾਜ਼ ਉਠਾਉਣ ਲਈ ਜਾਣੇ ਜਾਂਦੇ ਸਨ। ਕੰਪਨੀ ਆਪਣੇ ਕਾਰੋਬਾਰੀ ਮਾਡਲ ਨੂੰ ਲੈ ਕੇ ਮੁਕੱਦਮੇ ਦਾ ਸਾਹਮਣਾ ਕਰ ਰਹੀ ਹੈ। ਨਵੰਬਰ 2020 ਤੋਂ ਅਗਸਤ 2024 ਤੱਕ ਓਪਨਏਆਈ ਲਈ ਕੰਮ ਕਰਨ ਵਾਲਾ ਸੁਚੀਰ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਉਸਨੇ ਕੰਪਨੀ ਬਾਰੇ ਕਈ ਹੈਰਾਨ ਕਰਨ ਵਾਲੇ ਪ੍ਰਗਟਾਵੇ ਕੀਤੇ। 'ਦਿ ਨਿਊਯਾਰਕ ਟਾਈਮਜ਼' ਨੂੰ ਦਿੱਤੇ ਇੰਟਰਵਿਊ 'ਚ ਸੁਚੀਰ ਨੇ ਕਿਹਾ ਸੀ ਕਿ ਓਪਨਏਆਈ ਦਾ ਕਾਰੋਬਾਰੀ ਮਾਡਲ ਸਥਿਰ ਨਹੀਂ ਹੈ ਅਤੇ ਇੰਟਰਨੈੱਟ ਈਕੋਸਿਸਟਮ ਲਈ ਬਹੁਤ ਖ਼ਰਾਬ ਹੈ।
ਸੁਚੀਰ ਨੇ ਦੋਸ਼ ਲਾਇਆ ਸੀ ਕਿ ਕੰਪਨੀ ਨੇ ਆਪਣੇ ਪ੍ਰੋਗਰਾਮ ਨੂੰ ਵਿਕਸਤ ਕਰਨ ਲਈ ਆਨਲਾਈਨ ਡੇਟਾ ਦੀ ਨਕਲ ਕਰ ਕੇ ਅਮਰੀਕੀ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਕੰਪਨੀ ਛੱਡਣ ਲਈ ਵੀ ਕਿਹਾ। ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਲੇਖਕਾਂ, ਕੰਪਿਊਟਰ ਪ੍ਰੋਗਰਾਮਰਾਂ ਅਤੇ ਪੱਤਰਕਾਰਾਂ ਨੇ ਓਪਨਏਆਈ ਵਿਰੁਧ ਇਕ ਤੋਂ ਬਾਅਦ ਇਕ ਕਈ ਮਾਮਲੇ ਦਰਜ ਕੀਤੇ। ਇਸ ਦੌਰਾਨ ਮਰਕਰੀ ਨਿਊਜ਼ ਦੀ ਖਬਰ ਮੁਤਾਬਕ ਬਾਲਾਜੀ ਦੀ ਮਾਂ ਨੇ ਆਪਣੇ ਬੇਟੇ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਨਿੱਜਤਾ ਦੀ ਅਪੀਲ ਕੀਤੀ ਹੈ।