International News: ਗ੍ਰਹਿ ਸੁਰੱਖਿਆ ਵਿਭਾਗ ਅਤੇ ਐਫ਼ਬੀਆਈ ਕਰ ਰਹੀ ਘਟਨਾ ਦੀ ਜਾਂਚ
International News: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦੇਖੇ ਗਏ ਰਹੱਸਮਈ ਡ੍ਰੋਨਾਂ ਨੂੰ 'ਸ਼ੂਟ' ਕਰਨ ਦੇ ਨਿਰਦੇਸ਼ ਦਿੱਤੇ ਹਨ। ਰਹੱਸਮਈ ਡਰੋਨ ਸਭ ਤੋਂ ਪਹਿਲਾਂ ਨਿਊਜਰਸੀ 'ਚ ਦੇਖੇ ਗਏ ਸਨ ਪਰ ਉਦੋਂ ਤੋਂ ਇਸ ਤਰ੍ਹਾਂ ਦੇ ਡਰੋਨ ਹੋਰ ਥਾਵਾਂ 'ਤੇ ਵੀ ਦਿਖਾਈ ਦੇਣ ਲੱਗੇ ਹਨ।
ਹਾਲਾਂਕਿ ਅਮਰੀਕੀ ਸਰਕਾਰ ਅਤੇ ਵ੍ਹਾਈਟ ਹਾਊਸ ਨੇ ਹੁਣ ਤੱਕ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਨਾ ਹੀ ਇਸ ਵਿਚ ਕਿਸੇ ਵਿਦੇਸ਼ੀ ਦੀ ਸ਼ਮੂਲੀਅਤ ਦਾ ਕੋਈ ਸਬੂਤ ਹੈ, ਫਿਰ ਵੀ ਰਹੱਸਮਈ ਡ੍ਰੋਨ ਦਾ ਦਿਸਣਾ ਜਾਂਚ ਦਾ ਵਿਸ਼ਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇਕ ਪੋਸਟ 'ਚ ਕਿਹਾ, ''ਦੇਸ਼ ਭਰ 'ਚ ਰਹੱਸਮਈ ਡਰੋਨ ਦਿਖਾਈ ਦਿੱਤੇ ਹਨ। ਕੀ ਇਹ ਸੱਚਮੁੱਚ ਸਾਡੀ ਸਰਕਾਰ ਦੀ ਜਾਣਕਾਰੀ ਤੋਂ ਬਿਨਾਂ ਹੋ ਰਿਹਾ ਹੈ? ਮੈਨੂੰ ਅਜਿਹਾ ਨਹੀਂ ਲੱਗਦਾ ਜਾਂ ਤਾਂ ਇਸ ਬਾਰੇ ਜਨਤਾ ਨੂੰ ਹੁਣੇ ਸੂਚਿਤ ਕਰੋ ਜਾਂ ਉਨ੍ਹਾਂ ਨੂੰ ਮਾਰ ਦਿਓ।'' ਇਸ ਪੋਸਟ ਦੇ ਅੰਤ 'ਤੇ ਟਰੰਪ ਨੇ ਆਪਣੇ ਦਸਤਖ਼ਤ ਵੀ ਕੀਤੇ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਸ਼ਟਰਪਤੀ ਦਫ਼ਤਰ ਅਤੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਹੁਣ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਡਰੋਨ ਦੇਖੇ ਜਾਣ ਦੀਆਂ ਕਥਿਤ ਘਟਨਾਵਾਂ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਸੁਰੱਖਿਆ ਲਈ ਖਤਰਾ ਹਨ ਜਾਂ ਇਨ੍ਹਾਂ ਨਾਲ ਸਬੰਧਤ ਹਨ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸੰਚਾਰ ਸਲਾਹਕਾਰ ਜੌਨ ਕਿਰਬੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਹਿ ਸੁਰੱਖਿਆ ਵਿਭਾਗ ਅਤੇ ਐੱਫਬੀਆਈ ਇਨ੍ਹਾਂ ਘਟਨਾਵਾਂ ਦੀ ਜਾਂਚ ਕਰ ਰਹੇ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਡਰੋਨ ਕਿੱਥੋਂ ਆ ਰਹੇ ਹਨ।