
ਪ੍ਰਧਾਨ ਮੰਤਰੀ ਨੇ ਕਿਹਾ, ਇਹ ਵਿਨਾਸ਼ਕਾਰੀ ਵਾਤਾਵਰਣ ਪ੍ਰਣਾਲੀ ਹੈ.....
ਸਿਡਨੀ : ਸੋਕਾ ਪ੍ਰਭਾਵਤ ਪੂਰਬੀ ਆਸਟ੍ਰੇਲੀਆ ਵਿਚ ਵੱਡੀਆਂ ਨਦੀਆਂ ਦੇ ਕਿਨਾਰੇ ਲੱਖਾਂ ਮੱਛੀਆਂ ਮ੍ਰਿਤਕ ਪਾਈਆਂ ਗਈਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਚਿਤਾਵਨੀ ਜਾਰੀ ਕੀਤੀ ਕਿ ਇਨ੍ਹਾਂ ਮ੍ਰਿਤਕ ਮੱਛੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਮੁਰੇ-ਡਾਰਲਿੰਗ ਨਦੀਆਂ ਦੇ ਕਿਨਾਰੇ ਸੜੀਆਂ ਮੱਛੀਆਂ ਨਾਲ ਭਰੇ ਪਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਮੱਛੀਆਂ ਦੀ ਗਿਣਤੀ ਵੱਧ ਕੇ 10 ਲੱਖ ਦੇ ਕਰੀਬ ਪਹੁੰਚ ਸਕਦੀ ਹੈ। ਨਿਊ ਸਾਊਥ ਵੇਲਜ਼ ਸਰਕਾਰ ਨੇ ਚਿਤਾਵਨੀ ਜਾਰੀ ਕੀਤੀ ਕਿ ਇਸ ਹਫਤੇ ਤਾਪਮਾਨ ਵਧਣ ਕਾਰਨ ਸਥਿਤੀ ਹੋਰ ਬਦਤਰ ਹੋ ਸਕਦੀ ਹੈ।
ਅਜਿਹੀ ਸੰਭਾਵਨਾ ਹੈ ਕਿ ਪਾਣੀ ਦੀ ਕਮੀ ਅਤੇ ਉਸ ਦਾ ਤਾਪਮਾਨ ਵਧਣ ਕਾਰਨ ਕਾਈ ਦੀ ਗਿਣਤੀ ਵੱਧ ਜਾਣ ਕਾਰਨ ਮੱਛੀਆਂ ਨੂੰ ਆਕਸੀਜਨ ਮਿਲਣੀ ਬੰਦ ਹੋ ਗਈ ਅਤੇ ਜ਼ਹਿਰੀਲੇ ਤੱਤ ਪੈਦਾ ਹੋਣੇ ਸ਼ੁਰੂ ਹੋ ਗਏ। ਰਾਜ ਮੰਤਰੀ ਨਿਆਲ ਬਲੇਅਰ ਨੇ ਕਿਹਾ ਕਿ ਇਸ ਹਫਤੇ ਹੋਰ ਮੱਛੀਆਂ ਦੇ ਮਰਨ ਦੀ ਸੰਭਾਵਨਾ ਹੈ। ਮੱਛੀਆਂ ਦੀ ਮੌਤ ਇਕ ਕੌਮੀ ਮੁੱਦਾ ਬਣ ਗਿਆ ਹੈ। ਹੁਣ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਮਵਾਰ ਨੂੰ ਕਿਹਾ,''ਇਹ ਵਿਨਾਸ਼ਕਾਰੀ ਵਾਤਾਵਰਨ ਪ੍ਰਣਾਲੀ ਹੈ।'' ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਜਲ ਅਰਥਵਿਵਸਥਾ ਦੇ ਮਾਹਰ ਜੌਨ ਵਿਲੀਅਮਜ਼ ਨੇ ਕਿਹਾ ਕਿ ਮੱਛੀਆਂ ਅਤੇ ਨਦੀਆਂ ਸੋਕੇ ਕਾਰਨ ਨਹੀਂ ਮਰ ਰਹੀਆਂ ਸਗੋਂ ਅਜਿਹਾ ਇਸ ਲਈ ਹੋ ਰਿਹਾ ਹੈ ਕਿ ਅਸੀਂ ਅਪਣੀਆਂ ਨਦੀਆਂ ਤੋਂ ਬਹੁਤ ਸਾਰਾ ਪਾਣੀ ਕੱਢ ਰਹੇ ਹਾਂ। (ਪੀਟੀਆਈ)