
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨ ਦੇ ਭਾਰਤ ਦੌਰੇ ‘ਤੇ ਆ ਰਹੇ ਹਨ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨ ਦੇ ਭਾਰਤ ਦੌਰੇ ‘ਤੇ ਆ ਰਹੇ ਹਨ। ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਹੋਵੇਗੀ। ਉਹ 24 ਫਰਵਰੀ ਨੂੰ ਭਾਰਤ ਪਹੁੰਚਣਗੇ। ਅਜਿਹਾ ਕਿਹਾ ਜਾ ਰਿਹਾ ਹੈ ਕਿ ਟਰੰਪ ਅਤੇ ਮੋਦੀ ਇਕ ਜਨਸਭਾ ਵੀ ਕਰ ਸਕਦੇ ਹਨ। ਇਹ ਸਮਾਰੋਹ ਮੋਟੇਰਾ ਸਟੇਡੀਅਮ ਵਿਚ ਹੋ ਸਕਦਾ ਹੈ ਜੋ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ।
Photo
ਟਰੰਪ ਅਪਣੀ ਪਤਨੀ ਦੇ ਨਾਲ ਅਹਿਮਦਾਬਾਦ ਅਤੇ ਦਿੱਲੀ ਵੀ ਜਾਣਗੇ। ਭਾਰਤ ਦੌਰੇ ਤੋਂ ਪਹਿਲਾਂ ਟਰੰਪ ਨੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਹਨਾਂ ਨੇ ਲਿਖਿਆ ਹੈ, ‘ਮਾਰਕ ਜ਼ੁਕਰਬਰਗ ਨੇ ਹਾਲ ਹੀ ਵਿਚ ਦੱਸਿਆ ਸੀ ਕਿ ਡੋਨਾਲਡ ਟਰੰਪ ਫੇਸਬੁੱਕ ‘ਤੇ ਨੰਬਰ ਵਨ ਹਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੰਬਰ 2 ‘ਤੇ ਹਨ। ਮੈਂ ਦੋ ਹਫ਼ਤਿਆਂ ‘ਚ ਭਾਰਤ ਜਾ ਰਿਹਾ ਹਾਂ।
Photo
ਟਰੰਪ ਨੇ ਕਿਹਾ ਸੀ ਕਿ ਉਹ ਅਪਣੀ ਭਾਰਤ ਯਾਤਰਾ ਨੂੰ ਲੈ ਕੇ ਕਾਫੀ ਉਤਸੁਕ ਹਨ। ਉਹਨਾਂ ਨੇ ਸੰਕੇਤ ਦਿੱਤੇ ਹਨ ਕਿ ਇਸ ਦੌਰਾਨ ਦੋਵੇਂ ਦੇਸ਼ਾਂ ਵਿਚ ਵਪਾਰਕ ਸਮਝੌਤਿਆਂ ‘ਤੇ ਦਸਤਾਖ਼ਤ ਹੋ ਸਕਦੇ ਹਨ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਖ਼ਾਸ ਹੈ।
Photo
ਇਹ ਯਾਤਰਾ ਦੋਵੇਂ ਦੇਸ਼ਾਂ ਦੀ ਦੋਸਤੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਵੱਡਾ ਕਦਮ ਸਾਬਿਤ ਹੋਵੇਗੀ। ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡੇ ‘ਤੇ ਪਹੁੰਚਣਗੇ। ਉਹਨਾਂ ਦੇ ਸਵਾਗਤ ਲਈ ਪੀਐਮ ਮੋਦੀ ਮੌਜੂਦ ਰਹਿਣਗੇ। ਇਸ ਤੋਂ ਬਾਅਦ 25 ਫਰਵਰੀ ਨੂੰ ਦਿੱਲੀ ਵਿਚ ਉਹਨਾਂ ਦਾ ਰਾਸ਼ਟਰਪਤੀ ਭਵਨ ਵਿਚ ਰਸਮੀ ਸਵਾਗਤ ਕੀਤਾ ਜਾਵੇਗਾ।
Photo
ਇਸ ਦੌਰਾਨ ਮੋਦੀ ਅਤੇ ਟਰੰਪ ਵਿਚਕਾਰ ਗੱਲਬਾਤ ਹੋਵੇਗੀ। ਮੋਟੇਰਾ ਦੇ ਸਟੇਡੀਅਮ ਵਿਚ ਕੇਮ ਛੋ ਟਰੰਪ ਸਮਾਰੋਹ ਦੌਰਾਨ ਇਕ ਲੱਖ ਦਸ ਹਜ਼ਾਰ ਤੋਂ ਜ਼ਿਆਦਾ ਲੋਕ ਮੌਜੂਦ ਰਹਿਣਗੇ। ਜਿੱਥੇ ਇਕ ਲੱਖ ਲੋਕਾਂ ਦੇ ਸਟੇਡੀਅਮ ਵਿਚ ਬੈਠਣ ਦਾ ਪ੍ਰਬੰਧ ਹੈ। ਉੱਥੇ ਹੀ ਮੋਦੀ ਅਤੇ ਟਰੰਪ ਲਈ ਬਣਾਏ ਜਾ ਰਹੇ ਵਿਸ਼ਾਲ ਸਟੇਜ ਦੇ ਸਾਹਮਣੇ 14 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾਵੇਗਾ।