
ਸ਼ਿਵਸੈਨਾ ਦਾ ਮੋਦੀ ‘ਤੇ ਹਮਲਾ
ਮੁੰਬਈ: ਮਹਾਰਾਸ਼ਟਰ ਦੀ ਉਧਵ ਠਾਕਰੇ ਸਰਕਾਰ ਨੇ ਸੂਬਾ ਸਰਕਾਰ ਦੇ ਕਰਮਚਾਰੀਆਂ ਨੂੰ ਤੋਹਫਾ ਦਿੱਤਾ ਹੈ ਅਤੇ ਉਹਨਾਂ ਨੇ ਹਫ਼ਤੇ ਵਿਚ ਪੰਜ ਦਿਨ ਕੰਮ ਕਰਨ ਦਾ ਐਲਾਨ ਕੀਤਾ ਹੈ। ਠਾਕਰੇ ਸਰਕਾਰ ਦੇ ਇਸ ਫੈਸਲੇ ‘ਤੇ ਸ਼ਿਵਸੈਨਾ ਦੇ ਅਖ਼ਬਾਰ ‘ਸਾਮਨਾ’ ਨੇ ਅਪਣੀ ਸੰਪਾਦਕੀ ਵਿਚ ਇਸ ਫੈਸਲੇ ‘ਤੇ ਸਵਾਲ ਚੁੱਕੇ ਹਨ।ਸੰਪਾਦਕੀ ਵਿਚ ਪੀਐਮ ਮੋਦੀ ਦੇ ਹਰ ਦਿਨ 18-19 ਘੰਟੇ ਕੰਮ ਕਰਨ ‘ਤੇ ਤਿੱਖਾ ਹਮਲਾ ਕੀਤਾ ਗਿਆ ਹੈ।
Photo
ਇਸ ਵਿਚ ਲਿਖਿਆ ਹੈ ਕਿ ‘ਪੀਐਮ ਮੋਦੀ ਬਸ, ਟਰੇਨ ਵਿਚ ਤਾਂ ਸਫ਼ਰ ਕਰਦੇ ਨਹੀਂ ਫਿਰ ਬਿਨਾਂ ਛੁੱਟੀ ਲਏ ਕੰਮ ਕਰਨ ਵਿਚ ਕੀ ਖ਼ਾਸ ਹੈ’। ਇਸ ਸੰਪਾਦਕੀ ਵਿਚ ਮਜ਼ਦੂਰ, ਕਾਮੇ ਅਤੇ ਕਿਸਾਨਾਂ ਵੱਲੋਂ ਬਿਨਾਂ ਛੁੱਟੀ ਲਏ ਹਰ ਦਿਨ ਮਿਹਨਤ ਕਰਨ ਦੀ ਗੱਲ ਕਹੀ ਗਈ ਹੈ ਅਤੇ ਲਿਖਿਆ ਹੈ ਕਿ ਛੁੱਟੀਆਂ ਦੇ ਮਾਮਲੇ ਵਿਚ ਵੀ ਬਰਾਬਰ ਨਾਗਰਿਕ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ।
Photo
ਇਸ ਵਿਚ ਲਿਖਿਆ ਗਿਆ ਹੈ ਕਿ, ‘ਸਾਡਾ ਦੇਸ਼ ਸਭ ਤੋਂ ਜ਼ਿਆਦਾ ਛੁੱਟੀਬਾਜ਼ ਦੇਸ਼ ਹੈ। ਜਯੰਤੀ, ਤਿਉਹਾਰ ਅਤੇ ਰਾਸ਼ਟਰੀ ਮੌਕਿਆਂ ‘ਤੇ ਛੁੱਟੀਆਂ ਮਿਲਦੀਆਂ ਰਹਿੰਦੀਆਂ ਹਨ। ਇੱਥੇ ਛੁੱਟੀ ਦਾ ਮਜ਼ਾ ਲੈਣਾ ਇਕ ਕਰਤੱਵ ਬਣ ਚੁੱਕਾ ਹੈ’। ‘ਦੇਸ਼ ਵਿਚ ਲੱਖਾਂ ਮਜ਼ਦੂਰ, ਕਾਮੇ ਅਤੇ ਕਿਸਾਨ ਬਿਨਾਂ ਛੁੱਟੀ ਲਏ ਪ੍ਰਤੀਦਿਨ ਮਿਹਨਤ ਕਰਦੇ ਹਨ। ਘਰੇਲੂ ਔਰਤਾਂ ਦੀ ਵੀ ਕਦੀ ਛੁੱਟੀ ਨਹੀਂ। ਸੈਨਿਕ ਅਤੇ ਪੁਲਿਸ ਜਵਾਨ ਵੀ ਲਗਾਤਾਰ ਕੰਮ ਕਰਦੇ ਹਨ’।
Photo
ਪੀਐਮ ਮੋਦੀ ‘ਤੇ ਹਮਲਾ ਕਰਦੇ ਹੋਏ ਸ਼ਿਵਸੈਨਾ ਨੇ ਲਿਖਿਆ ਹੈ ਕਿ, ‘ਅਜਿਹਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ 18-19 ਘੰਟੇ ਕੰਮ ਕਰਦੇ ਹਨ। ਪੀਐਮ ਮੋਦੀ ਨੇ ਅੱਜ ਤੱਕ ਛੁੱਟੀ ਨਹੀਂ ਲਈ, ਪਰ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਰਾਸ਼ਟਰਪਤੀ ਅਤੇ ਰਾਜਪਾਲ ਦਿਨ ਰਾਤ ਜਨਤਾ ਦੀ ਸੇਵਾ ਕਰਨ।
shiv sena
ਇਹ ਵੀ ਲਿਖਿਆ ਗਿਆ ਹੈ ਕਿ ‘ਪੀਐਮ ਮੋਦੀ ਦੀ ਸੁਰੱਖਿਆ ‘ਤੇ ਹਰ ਦਿਨ ਪੌਣੇ ਦੋ ਕਰੋੜ ਰੁਪਏ ਖਰਚ ਹੁੰਦੇ ਹਨ ਅਤੇ ਉਹਨਾਂ ਦੀ ਵਿਦੇਸ਼ ਯਾਤਰਾ ਦਾ ਬਿੱਲ 700-800 ਕਰੋੜ ਤੋਂ ਉੱਪਰ ਚਲਾ ਗਿਆ ਹੈ। ਦੇਸ਼ ਦੇ ਲੀਡਰ ਦੂਜੇ ਦੇਸ਼ ਦੇ ਲੀਡਰਾਂ ਦੀ ਤਰ੍ਹਾਂ ਟਰੇਨਾਂ, ਮੈਟਰੋ ਜਾਂ ਬੱਸਾਂ ਵਿਚ ਸਫ਼ਰ ਨਹੀਂ ਕਰਦੇ। ਇਸ ਲਈ ਬਿਨਾਂ ਛੁੱਟੀ ਲਏ ਕੰਮ ਕਰਨ ਵਿਚ ਕੀ ਖ਼ਾਸ ਹੈ।
Photo
ਦੱਸ ਦਈਏ ਕਿ ਮਹਾਰਾਸ਼ਟਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਹਫ਼ਤੇ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਦੇ ਕਰਮਚਾਰੀਆਂ ਨੂੰ ਹਰ ਦਿਨ ਪੌਣੇ ਘੰਟੇ ਜ਼ਿਆਦਾ ਕੰਮ ਕਰਨਾ ਹੋਵੇਗਾ।