
ਕਿਹਾ, ਮੌਜੂਦਾ ਸਥਿਤੀ ਵਿਚ ਇਸ ਦੀ ਜ਼ਰੂਰਤ ਨਹੀਂ
ਪੈਰਿਸ: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੁਹਰਾਇਆ ਕਿ ਯੂਕਰੇਨ ਵਿਚ ਪਛਮੀ ਦੇਸ਼ਾਂ ਦੀਆਂ ਫੌਜਾਂ ਭੇਜਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਕਿਹਾ ਕਿ ਮੌਜੂਦਾ ਸਥਿਤੀ ਵਿਚ ਇਸ ਦੀ ਜ਼ਰੂਰਤ ਨਹੀਂ ਹੈ। ਮੈਕਰੋਨ ਨੇ ਵੀਰਵਾਰ ਨੂੰ ਇਕ ਫਰਾਂਸੀਸੀ ਨਿਊਜ਼ ਚੈਨਲ ਨੂੰ ਦਿਤੇ ਇੰਟਰਵਿਊ ’ਚ ਕਿਹਾ ਕਿ ਫਿਲਹਾਲ ਅਜਿਹੀ ਸਥਿਤੀ ਨਹੀਂ ਹੈ ਪਰ ਇਹ ਸਾਰੇ ਬਦਲ ਖੁੱਲ੍ਹੇ ਹਨ।
ਮੈਕਰੋਨ ਨੇ ਪਿਛਲੇ ਮਹੀਨੇ ਇਹ ਵੀ ਕਿਹਾ ਸੀ ਕਿ ਯੂਕਰੇਨ ਵਿਚ ਪਛਮੀ ਫੌਜਾਂ ਭੇਜਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ’ਤੇ ਕਈ ਪਛਮੀ ਦੇਸ਼ਾਂ ਨੇ ਨਕਾਰਾਤਮਕ ਪ੍ਰਤੀਕਿਰਿਆ ਦਿਤੀ ਸੀ। ਉਨ੍ਹਾਂ ਨੇ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਅਜਿਹਾ ਕਦਮ ਚੁਕਿਆ ਜਾਂਦਾ ਹੈ ਤਾਂ ਰੂਸ ਜ਼ਿੰਮੇਵਾਰ ਹੋਵੇਗਾ, ਨਾ ਕਿ ਅਸੀਂ। ਫਰਾਂਸ ਯੂਕਰੇਨ ’ਤੇ ਹਮਲੇ ਦੀ ਅਗਵਾਈ ਨਹੀਂ ਕਰੇਗਾ, ਪਰ ਸਾਨੂੰ ਅੱਜ ਯੂਕਰੇਨ ਵਿਚ ਸ਼ਾਂਤੀ ਲਈ ਕਮਜ਼ੋਰ ਨਹੀਂ ਹੋਣਾ ਚਾਹੀਦਾ।
ਮੈਕਰੋਨ ਦੀ ਇਹ ਟਿਪਣੀ ਅਜਿਹੇ ਸਮੇਂ ਆਈ ਹੈ ਜਦੋਂ ਫਰਾਂਸ ਦੀ ਸੰਸਦ ਨੇ ਇਸ ਹਫਤੇ ਦੇਸ਼ ਦੀ ਯੂਕਰੇਨ ਰਣਨੀਤੀ ’ਤੇ ਬਹਿਸ ਕੀਤੀ ਹੈ। ਦੇਸ਼ ਦੀ ਨੈਸ਼ਨਲ ਅਸੈਂਬਲੀ ਅਤੇ ਸੈਨੇਟ ਦੋਹਾਂ ਨੇ ਪਿਛਲੇ ਮਹੀਨੇ ਮੈਕਰੋਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵਿਚਾਲੇ ਹੋਏ 10 ਸਾਲ ਦੇ ਦੁਵਲੇ ਸੁਰੱਖਿਆ ਸਮਝੌਤੇ ਨੂੰ ਪ੍ਰਤੀਕਾਤਮਕ ਵੋਟਾਂ ਨਾਲ ਮਨਜ਼ੂਰੀ ਦੇ ਦਿਤੀ।