
Israeli attack in Gaza : ਵਿਸਥਾਪਤ ਲੋਕਾਂ ਨੂੰ ਭੋਜਨ ਵੰਡਣ ਵਾਲੇ 6 ਭਰਾ ਵੀ ਹੋਏ ਇਸ ਹਾਦਸੇ ਦਾ ਸ਼ਿਕਾਰ
37 people killed in Israeli attack in Gaza Latest news in Punjabi : ਐਤਵਾਰ ਰਾਤ ਨੂੰ ਗਾਜ਼ਾ ਦੇ ਅਲ-ਬਲਾਹ 'ਤੇ ਇਜ਼ਰਾਈਲੀ ਹਮਲੇ ਵਿਚ 37 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿਚ ਹਮਾਸ ਦੀ ਨੁਖਬਾ ਫੋਰਸ ਦਾ ਆਗੂ ਤੇ ਵਿਸਥਾਪਤ ਲੋਕਾਂ ਨੂੰ ਭੋਜਨ ਵੰਡਣ ਵਾਲੇ 6 ਭਰਾ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ।
ਜਾਣਕਾਰੀ ਅਨੁਸਾਰ ਇਸ ਹਾਦਸੇ ’ਚ ਸ਼ਾਮਲ 6 ਭਰਾਵਾਂ ਦੀ ਉਮਰ 10 ਸਾਲ ਤੋਂ 34 ਸਾਲ ਦੇ ਵਿਚਕਾਰ ਹੈ। ਇਹ ਮੁੰਡੇ ਗਾਜ਼ਾ ਵਿਚ ਵਿਸਥਾਪਤ ਪਰਵਾਰਾਂ ਨੂੰ ਭੋਜਨ ਵੰਡ ਰਹੇ ਸਨ। ਮਾਰੇ ਗਏ ਮੁੰਡਿਆਂ ਦੇ ਪਿਤਾ ਜ਼ਕੀ ਅਬੂ ਮਹਿਦੀ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਸਿਰਫ਼ ਲੋਕਾਂ ਦੀ ਮਦਦ ਕਰ ਰਹੇ ਸਨ ਅਤੇ ਉਨ੍ਹਾਂ ਦਾ ਕਿਸੇ ਵੀ ਫ਼ੌਜੀ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਸੀ।
ਇਸ ਦੌਰਾਨ, ਇਜ਼ਰਾਈਲੀ ਫ਼ੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਨਿਸ਼ਾਨਾ ਇਕ ਫ਼ੌਜੀ ਨਿਸ਼ਾਨਾ ਸੀ। ਹਾਲਾਂਕਿ, ਗਾਜ਼ਾ ਦੇ ਸਿਹਤ ਮੰਤਰਾਲੇ ਨੇ ਇਸ ਤੋਂ ਇਨਕਾਰ ਕੀਤਾ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ ਹਮਲੇ ਦੀ ਨਿੰਦਾ ਕੀਤੀ ਅਤੇ ਗਾਜ਼ਾ ਵਿਚ ਦੇਰੀ ਨਾਲ ਡਾਕਟਰੀ ਸਹਾਇਤਾ ਮਿਲਣ ਕਾਰਨ ਇਕ ਬੱਚੇ ਦੀ ਮੌਤ ਦੀ ਵੀ ਰਿਪੋਰਟ ਕੀਤੀ। ਗਾਜ਼ਾ ਸਿਹਤ ਮੰਤਰਾਲੇ ਦੇ ਅਨੁਸਾਰ, ਯੁੱਧ ਸ਼ੁਰੂ ਹੋਣ ਤੋਂ ਬਾਅਦ 50,944 ਤੋਂ ਵੱਧ ਫ਼ਲਸਤੀਨੀ ਮਾਰੇ ਗਏ ਹਨ।
ਇਜ਼ਰਾਈਲ ਨੇ ਹਮਾਸ ਦੀ ਨੁਖਬਾ ਫੋਰਸ ਦੇ ਆਗੂ ਹਮਜ਼ਾ ਵੈਲ ਮੁਹੰਮਦ ਅਸਾਫਾ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ। ਹਮਜ਼ਾ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲੇ ਅਤੇ ਬੰਧਕਾਂ ਦੀ ਰਿਹਾਈ ਦੇ ਇਕ ਪੜਾਅ ਵਿਚ ਸ਼ਾਮਲ ਸੀ।
ਇਜ਼ਰਾਈਲੀ ਰੱਖਿਆ ਬਲਾਂ (IDF) ਦੇ ਅਨੁਸਾਰ, ਹਮਜ਼ਾ ਦੋ ਹਫ਼ਤੇ ਪਹਿਲਾਂ ਕੇਂਦਰੀ ਗਾਜ਼ਾ ਵਿਚ ਇਕ ਹਮਲੇ ਵਿਚ ਮਾਰਿਆ ਗਿਆ ਸੀ। ਹਮਜ਼ਾ ਨੇ ਇਜ਼ਰਾਈਲੀ ਬੰਧਕਾਂ ਏਲੀਆਹੂ ਸ਼ਾਰਾਬੀ, ਓਹਦ ਬੇਨ-ਅਮੀ ਅਤੇ ਓਰ ਲੇਵੀ ਦੀ ਰਿਹਾਈ ਵਿਚ ਹਿੱਸਾ ਲਿਆ ਸੀ।