
ਕਿਹਾ, ਕੁੱਝ ਦੇਸ਼ਾਂ ਦੀਆਂ ਸਰਕਾਰਾਂ ਨੇ ਲੋਕਾਂ ਦੇ ਭਰੋਸੇ ਨੂੰ ਖ਼ਤਮ ਕੀਤਾ
ਜੇਨੇਵਾ, 14 ਜੁਲਾਈ : ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐਚ.ਓ.) ਦੇ ਪ੍ਰਮੁੱਖ ਟੇਡਰੋਸ ਏਡਹੇਨਮ ਗੇਬ੍ਰੇਏਸਸ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਸੰਦੇਸ਼ ਦਿੰਦੇ ਹੋਏ ਲੋਕਾਂ ਦੇ ਭਰੋਸੇ ਨੂੰ ਖ਼ਤਮ ਕਰਨ ਲਈ ਕੁੱਝ ਸਰਕਾਰਾਂ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਅਪਣੇ ਅਪਣੇ ਦੇਸ਼ਾਂ 'ਚ ਲਾਗ ਨੂੰ ਰੋਕਣ 'ਚ ਇਨ੍ਹਾਂ ਦੀ ਅਸਫ਼ਲਤਾ ਦਾ ਮਤਲਬ ਹੋਵੇਗਾ ਕਿ 'ਨੇੜਲੇ ਭਵਿੱਖ 'ਚ' ਆਮ ਹਾਲਾਤ ਦੀ ਵਾਪਸੀ ਨਹੀਂ ਹੋਵੇਗੀ।
ਡਬਲਿਯੂ.ਐਚ.ਓ. ਦੇ ਡਾਇਰੈਕਟਰ ਜਨਰਲ ਨੇ ਹਾਲਾਂਕਿ ਇਸ ਦੀ ਆਲੋਚਨਾ 'ਚ ਕਿਸੇ ਖ਼ਾਸ ਨੇਤਾ ਦਾ ਨਾਂ ਨਾ ਲਿਆ ਹੈ। ਉਨ੍ਹਾਂ ਨੇ ਮਹਾਂਮਾਰੀ ਦੇ ਸਬੰਧ 'ਚ ਕਿਹਾ ਕਿ, ''ਕਈ ਦੇਸ਼ ਗ਼ਲਤ ਦਿਸ਼ਾ ਵਲ ਚਲੇ ਗਏ ਹਨ' ਅਤੇ ਉਹ ਲਾਗ ਨੂੰ ਰੋਕਣ ਲਈ ਉਚਿਤ ਕਦਮ ਨਹੀਂ ਚੁੱਕ ਰਹੇ ਹਨ।'' ਉਨ੍ਹਾਂ ਕਿਹਾ ਕਿ ਵਾਇਰਸ ਦੁਸ਼ਮਣ ਨੰਬਰ ਇਕ ਬਣਿਆ ਹੋਇਆ ਹੈ ਪਰ ਕਈ ਸਰਕਾਰਾਂ ਅਤੇ ਲੋਕਾਂ ਦੇ ਕਦਮਾਂ ਤੋਂ ਅਜਿਹਾ ਨਹੀਂ ਲਗਦਾ ਹੈ।
Photo
ਵਿਸ਼ਵ ਸਿਹਤ ਸੰਗਠਨ ਨੇ ਦਸਿਆ ਕਿ ਵਿਸ਼ਵ ਵਿਚ ਸੋਮਵਾਰ ਤਕ ਕੋਰੋਨਾ ਪੀੜਤਾਂ ਦਾ ਅੰਕੜਾ 1.30 ਕਰੋੜ ਨੂੰ ਪਾਰ ਕਰ ਗਿਆ। ਜਦਕਿ ਮ੍ਰਿਤਕਾਂ ਦੀ ਗਿਣਤੀ ਵੀ 5.71 ਲੱਖ ਤੋਂ ਵਧੇਰੇ ਹੋ ਗਈ ਹੈ। ਇਕ ਦਿਨ ਪਹਿਲਾਂ 24 ਘੰਟਿਆਂ 'ਚ 230,000 ਨਵੇਂ ਰੀਕਾਰਡ ਮਾਮਲੇ ਸਾਹਮਣੇ ਆਏ ਹਨ। ਐਤਵਾਰ ਨੂੰ ਸਾਹਮਣੇ ਆਏ ਕੁੱਲ ਮਾਮਲਿਆਂ 'ਚੋਂ 80 ਫ਼ੀ ਸਦੀ ਮਾਮਲੇ ਦੁਨੀਆਂ ਭਰ ਦੇ 10 ਦੇਸ਼ਾਂ ਵਿਚੋਂ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿਚੋਂ ਤਕਰੀਬਨ ਅੱਧੇ ਤੋਂ ਜ਼ਿਆਦਾ ਮਾਮਲੇ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਸਾਹਮਣੇ ਆ ਰਹੇ ਹਨ।
ਗੇਬ੍ਰੇਏਸਸ ਨੇ ਸੋਮਵਾਰ ਨੂੰ ਪੱਤਕਾਰ ਸੰਮੇਲਨ ਵਿਚ ਕਿਹਾ ਕਿ 'ਨਜ਼ਦੀਕ ਭਵਿੱਖ ਵਿਚ ਪਹਿਲਾਂ ਦੀ ਤਰ੍ਹਾਂ ਚੀਜ਼ਾਂ ਸਾਧਾਰਨ ਨਹੀਂ ਹੋ ਪਾਉਣਗੀਆਂ। ਉਨ੍ਹਾਂ ਨੇ ਕਈ ਦੇਸ਼ਾਂ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ 'ਤੇ ਰੋਕ ਲਗਾਉਣ ਲਈ ਦੇਸ਼ਾਂ ਨੂੰ ਰਣਨੀਤੀ ਲਾਗੂ ਕਰਨ ਲਈ ਕਿਹਾ ਹੈ। (ਪੀਟੀਆਈ)
ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਨੇ ਸਖ਼ਤੀ ਨੂੰ ਜ਼ਿਆਦਾ ਮਹੱਤਵ ਨਹੀਂ ਦਿਤਾ
ਟੇਡਰੋਸ ਨੇ ਕਿਹਾ ਕਿ, ''ਆਗੂਆਂ ਦੀ ਮਿਲੀਜੁਲੀ ਪ੍ਰਤੀਕੀਰੀਆ ਇਸ ਮਾਮਲੇ 'ਚ ਸਭ ਤੋਂ ਜ਼ਰੂਰੀ ਚੀਜ਼ ਭਰੋਸੇ ਨੂੰ ਖ਼ਤਮ ਕਰ ਰਹੀ ਹੈ। ਕਈ ਦੇਸ਼ ਰਾਜਨੀਤੀਕ ਫ਼ੁੱਟਬਾਲ ਖੇਡ ਰਹੇ ਹਨ। ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ 'ਚ ਵਾਇਰਸ ਤੇਜੀ ਨਾਲ ਫ਼ੈਲ ਰਿਹਾ ਹੈ ਪਰ ਇਨ੍ਹਾਂ ਦੇਸ਼ਾਂ ਦੇ ਆਗੂਆਂ ਨੇ ਸਖ਼ਤ ਕਦਮ ਚੁੱਕਣ ਦੇ ਸਬੰਧ 'ਚ ਮਾਹਰਾਂ, ਸਰਕਾਰ ਦੇ ਸਲਾਹਕਾਰਾਂ ਅਤੇ ਰਾਜਨੀਤੀਕ ਸਹਿਯੋਗੀਆਂ ਤੇ ਸਿਫ਼ਾਰਸ਼ਾਂ ਨੂੰ ਜਾਂ ਤਾਂ ਖ਼ਾਰਜ਼ ਕਰ ਦਿਤਾ ਜਾਂ ਫ਼ਿਰ ਇਸ ਨੂੰ ਜ਼ਿਆਦਾ ਮਹਤੱਵ ਨਹੀਂ ਦਿਤਾ।