
ਅੱਜ ਹੋਵੇਗੀ ਰੂਸ-ਯੂਕਰੇਨ ਜੰਗਬੰਦੀ ਸਬੰਧੀ ਟਰੰਪ ਤੇ ਪੁਤਿਨ ਦੀ ਅਲਾਸਕਾ ਵਿਚ ਮੁਲਾਕਾਤ
Trump warns Russian President Putin News: ਟਰੰਪ ਨੇ ਕੈਨੇਡੀ ਸੈਂਟਰ ਵਿਚ ਪ੍ਰੈੱਸ ਬ੍ਰੀਫ਼ਿੰਗ ਦੌਰਾਨ ਪੁਤਿਨ ਨੂੰ ਯੂਕਰੇਨ ਜੰਗ ਰੋਕਣ ਬਾਰੇ ਚੇਤਾਵਨੀ ਦਿਤੀ। ਟਰੰਪ ਨੇ ਕਿਹਾ ਹੈ ਕਿ ਜੇਕਰ ਪੁਤਿਨ ਗੱਲਬਾਤ ਤੋਂ ਬਾਅਦ ਵੀ ਜੰਗ ਖ਼ਤਮ ਕਰਨ ਲਈ ਸਹਿਮਤ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਦਾ ਬਿਆਨ ਬੁਧਵਾਰ ਨੂੰ ਇਕ ਪ੍ਰੈੱਸ ਬ੍ਰੀਫ਼ਿੰਗ ਦੌਰਾਨ ਆਇਆ।
ਟਰੰਪ ਨੇ ਯੂਰਪੀ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਇਕ ਪ੍ਰੈੱਸ ਕਾਨਫ਼ਰੰਸ ਕੀਤੀ। ਜਿਸ ਵਿਚ ਟਰੰਪ ਤੋਂ ਪੁਛਿਆ ਗਿਆ ਕਿ ਕੀ ਉਹ ਪੁਤਿਨ ਨੂੰ ਯੂਕਰੇਨ ਵਿਚ ਨਾਗਰਿਕਾਂ ’ਤੇ ਹਮਲੇ ਰੋਕਣ ਲਈ ਮਨਾ ਸਕਦੇ ਹਨ, ਤਾਂ ਉਨ੍ਹਾਂ ਕਿਹਾ,‘‘ਸ਼ਾਇਦ ਨਹੀਂ, ਕਿਉਂਕਿ ਮੈਂ ਇਹ ਪਹਿਲਾਂ ਵੀ ਕਿਹਾ ਹੈ।’’ ਟਰੰਪ ਨੇ ਅੱਗੇ ਕਿਹਾ ਕਿ,‘‘ਮੈਂ ਇਸ ਜੰਗ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ। ਇਹ ਬਾਈਡਨ ਦੀ ਜੰਗ ਹੈ, ਪਰ ਮੈਂ ਇਸ ਨੂੰ ਖ਼ਤਮ ਕਰਨ ਵਿਚ ਮਾਣ ਮਹਿਸੂਸ ਕਰਾਂਗਾ, ਜਿਵੇਂ ਮੈਂ ਪਿਛਲੇ ਛੇ ਮਹੀਨਿਆਂ ਵਿਚ ਪੰਜ ਜੰਗਾਂ ਖ਼ਤਮ ਕੀਤੀਆਂ ਹਨ।’’
ਟਰੰਪ ਨੇ ਇਹ ਵੀ ਚੇਤਾਵਨੀ ਦਿਤੀ ਕਿ ਜੇਕਰ ਪੁਤਿਨ ਜੰਗ ਨੂੰ ਰੋਕਣ ਲਈ ਸਹਿਮਤ ਨਹੀਂ ਹੁੰਦੇ ਹਨ ਤਾਂ ਰੂਸ ਨੂੰ ਖ਼ਤਰਨਾਕ ਨਤੀਜੇ ਭੁਗਤਣੇ ਪੈਣਗੇ। ਟਰੰਪ ਅਤੇ ਪੁਤਿਨ ਅੱਜ 15 ਅਗੱਸਤ ਨੂੰ ਅਲਾਸਕਾ ਵਿਚ ਮਿਲਣ ਵਾਲੇ ਹਨ। ਇਸ ਦਾ ਉਦੇਸ਼ ਸਾਢੇ ਤਿੰਨ ਸਾਲਾਂ ਤੋਂ ਯੂਕਰੇਨ ਨਾਲ ਰੂਸ ਦੀ ਚੱਲ ਰਹੀ ਜੰਗ ਨੂੰ ਖ਼ਤਮ ਕਰਨਾ ਹੈ। ਦੋਵੇਂ ਨੇਤਾ ਪਹਿਲੀ ਵਾਰ ਅਮਰੀਕੀ ਧਰਤੀ ਉਤੇ ਮਿਲਣਗੇ।
ਪੁਤਿਨ ਅਤੇ ਟਰੰਪ 16 ਜੁਲਾਈ 2018 ਨੂੰ ਹੇਲਿੰਸਕੀ ਵਿਚ ਮਿਲੇ ਸਨ। ਇਹ ਦੋਵਾਂ ਵਿਚਕਾਰ ਆਖ਼ਰੀ ਮੁਲਾਕਾਤ ਸੀ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਜੰਗ ਖ਼ਤਮ ਕਰਨ ਦੇ ਬਦਲੇ ਅਪਣੀ ਜ਼ਮੀਨ ਦੇਣ ਤੋਂ ਇਨਕਾਰ ਕਰ ਦਿਤਾ ਹੈ। ਟਰੰਪ ਨੇ ਬੁਧਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਯੂਰਪੀਅਨ ਨੇਤਾਵਾਂ ਨਾਲ ਇਕ ਵਰਚੁਅਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ, ਟਰੰਪ ਨੇ ਕਿਹਾ ਕਿ ਜੰਗ ਖ਼ਤਮ ਕਰਨ ਲਈ ਦੋਵਾਂ ਧਿਰਾਂ ਨੂੰ ਜ਼ਮੀਨ ਦੀ ਅਦਲਾ-ਬਦਲੀ ਕਰਨੀ ਪੈ ਸਕਦੀ ਹੈ। ਇਸ ’ਤੇ ਯੂਰਪੀਅਨ ਨੇਤਾਵਾਂ ਨੇ ਟਰੰਪ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ 15 ਅਗੱਸਤ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਉਨ੍ਹਾਂ ਦੀ ਮੁਲਾਕਾਤ ਵਿਚ ਅਜਿਹਾ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ, ਜਿਸ ਨਾਲ ਯੂਕਰੇਨ ਨੂੰ ਨੁਕਸਾਨ ਹੋਵੇ। (ਏਜੰਸੀ)
(For more news apart from “Trump warns Russian President Putin News, ” stay tuned to Rozana Spokesman.)