
ਸ਼ਿਫਾ ’ਚ ਬੇਸਮੈਂਟ ਅਤੇ ਹੋਰ ਇਮਾਰਤਾਂ ਤਬਾਹ
Israel Hamas war : ਇਜ਼ਰਾਈਲੀ ਫ਼ੌਜੀਆਂ ਨੇ ਬੁਧਵਾਰ ਨੂੰ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ’ਤੇ ਹਮਲਾ ਕੀਤਾ, ਜਿੱਥੇ ਨਵਜੰਮੇ ਬੱਚਿਆਂ ਸਮੇਤ ਸੈਂਕੜੇ ਮਰੀਜ਼ ਫਸੇ ਹੋਏ ਹਨ। ਇਜ਼ਰਾਈਲ ਯੁੱਧ ਦੌਰਾਨ ਸ਼ਿਫਾ ਹਸਪਤਾਲ ਨੂੰ ਮੁੱਖ ਨਿਸ਼ਾਨੇ ਵਜੋਂ ਵੇਖਦਾ ਹੈ। ਇਸ ਜੰਗ ’ਚ ਹਜ਼ਾਰਾਂ ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ ਗਾਜ਼ਾ ’ਚ ਭਾਰੀ ਤਬਾਹੀ ਹੋਈ ਹੈ।
ਇਜ਼ਰਾਈਲ ਨਾਲ ਜੰਗ 7 ਅਕਤੂਬਰ ਨੂੰ ਹਮਾਸ ਦੇ ਅਚਾਨਕ ਇਜ਼ਰਾਈਲ ’ਤੇ ਹਮਲਾ ਕਰਨ ਅਤੇ ਲਗਭਗ 1200 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸ਼ੁਰੂ ਹੋਈ ਸੀ। ਇਜ਼ਰਾਈਲ ਦਾ ਕਹਿਣਾ ਹੈ ਕਿ ਸ਼ਿਫਾ ਹਸਪਤਾਲ ਹਮਾਸ ਦੇ ਕੰਟਰੋਲ ਅਧੀਨ ਵਾਲਾ ਸਥਾਨ ਹੈ। ਹਮਾਸ ਅਤੇ ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਸ਼ਿਫਾ ’ਚ ਕੱਟੜਪੰਥੀ ਗਤੀਵਿਧੀਆਂ ਤੋਂ ਇਨਕਾਰ ਕੀਤਾ ਹੈ, ਜਦਕਿ ਫਲਸਤੀਨੀਆਂ ਅਤੇ ਮਨੁੱਖੀ ਅਧਿਕਾਰ ਸਮੂਹਾਂ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਹਮਾਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ’ਚ ਲਾਪਰਵਾਹੀ ਨਾਲ ਨਾਗਰਿਕਾਂ ਦੀਆਂ ਜਾਨਾਂ ਨੂੰ ਜੋਖਮ ’ਚ ਪਾਇਆ ਹੈ।
ਗਾਜ਼ਾ ਦੇ ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਮੁਨੀਰ ਅਲ-ਬੌਰਸ਼ ਨੇ ਕਿਹਾ ਕਿ ਇਜ਼ਰਾਈਲੀ ਫ਼ੋਰਸਾਂ ਨੇ ਸ਼ਿਫਾ ’ਚ ਬੇਸਮੈਂਟ ਅਤੇ ਹੋਰ ਇਮਾਰਤਾਂ ਨੂੰ ਤਬਾਹ ਕਰ ਦਿਤਾ। ਉਨ੍ਹਾਂ ਨੇ ਹਮਲਾ ਸ਼ੁਰੂ ਹੋਣ ਤੋਂ ਕੁਝ ਘੰਟਿਆਂ ਬਾਅਦ ਹਸਪਤਾਲ ਅੰਦਰੋਂ ਫ਼ੋਨ ਕਰ ਕੇ ਦਸਿਆ, ‘‘ਉਹ ਅਜੇ ਵੀ ਇਥੇ ਹਨ। ਮਰੀਜ਼, ਔਰਤਾਂ ਅਤੇ ਬੱਚੇ ਡਰੇ ਹੋਏ ਹਨ।’’
ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਉਹ ਹਸਪਤਾਲ ਦੇ ਇਕ ਖਾਸ ਇਲਾਕੇ ’ਚ ਹਮਾਸ ਵਿਰੁਧ ਇਕ ਨਿਸ਼ਾਨਾ ਮੁਹਿੰਮ ਚਲਾ ਰਹੀ ਹੈ। ਉਸ ਨੇ ਕਿਹਾ ਕਿ ਇਹ ਖੇਤਰ ਇਸ ਤੋਂ ਵੱਖਰਾ ਹੈ ਜਿੱਥੇ ਮਰੀਜ਼ ਅਤੇ ਮੈਡੀਕਲ ਕਰਮਚਾਰੀ ਹਨ। ਹਸਪਤਾਲ ਦੇ ਅੰਦਰ ਸਥਿਤੀ ਦਾ ਸੁਤੰਤਰ ਮੁਲਾਂਕਣ ਕਰਨਾ ਸੰਭਵ ਨਹੀਂ ਹੈ।
(For more news apart from Israel Hamas war, stay tuned to Rozana Spokesman)