ਟਰੰਪ ਨੇ ਐਚ-1ਬੀ ਵੀਜ਼ਾ ਸ਼ਰਤਾਂ ਨਰਮ ਕਰਨ ਦਾ ਦਿੱਤਾ ਸੀ ਸੰਕੇਤ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਐਚ-1ਬੀ ਵੀਜ਼ਾ ਨੂੰ ਲੈ ਕੇ ਇਕ ਬਿਲ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨਾਲ ਅਮਰੀਕਾ ਵਿਚ ਭਾਰਤੀਆਂ ਦਾ ਦਾਖਲਾ ਮੁਸ਼ਕਲ ਹੋ ਸਕਦਾ ਹੈ।
ਟਰੰਪ ਦੇ ਕਰੀਬੀ ਸਹਿਯੋਗੀ ਅਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਕਿਹਾ ਹੈ ਕਿ ਐਚ-1ਬੀ ਨੂੰ ਖਤਮ ਕਰਨ ਲਈ ਜਲਦੀ ਹੀ ਬਿਲ ਲਿਆਂਦਾ ਜਾਵੇਗਾ। ਰਿਪਬਲਿਕਨ ਪਾਰਟੀ ਦੀ ਮਾਰਜੋਰੀ ਦਾ ਦੋਸ਼ ਹੈ ਕਿ ਐਚ-1ਬੀ ਵੀਜ਼ਾ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
‘ਅਮਰੀਕਾ ਪਹਿਲਾਂ’ ਦੀ ਨੀਤੀ ਤਹਿਤ ਐੱਚ-1ਬੀ ਵੀਜ਼ਾ ਸ਼੍ਰੇਣੀ ਨੂੰ ਖਤਮ ਕਰ ਦਿਤਾ ਜਾਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਅਗਲੇ 10 ਸਾਲਾਂ ਤਕ ਹਰ ਸਾਲ 10,000 ਡਾਕਟਰਾਂ ਨੂੰ ਐੱਚ-1ਬੀ ਵੀਜ਼ਾ ਜਾਰੀ ਕੀਤਾ ਜਾਵੇਗਾ। ਫਿਲਹਾਲ ਹਰ ਸਾਲ ਜਾਰੀ ਕੀਤੇ ਗਏ 85,000 ਐੱਚ-1ਬੀ ਵੀਜ਼ਿਆਂ ਵਿਚੋਂ 70 ਫੀ ਸਦੀ ਵੀਜ਼ੇ ਭਾਰਤੀਆਂ ਨੂੰ ਦਿਤੇ ਜਾਂਦੇ ਹਨ।
ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਅਮਰੀਕਾ ’ਚ ਕੁੱਝ ਪ੍ਰਤਿਭਾਵਾਂ ਦੀ ਕਮੀ ਹੈ। ਟਰੰਪ ਨੇ ਕਿਹਾ ਸੀ ਕਿ ਦੇਸ਼ ’ਚ ਕਈ ਅਹਿਮ ਨੌਕਰੀਆਂ ਲਈ ਲੋੜੀਂਦੇ ਪ੍ਰਤਿਭਾਸ਼ਾਲੀ ਲੋਕ ਨਹੀਂ ਹਨ, ਇਸ ਲਈ ਵਿਦੇਸ਼ੀ ਹੁਨਰਮੰਦ ਕਾਮਿਆਂ ਦੀ ਲੋੜ ਹੈ।
