
ਵੈਨੇਜ਼ੁਏਲਾ ਵਿਚ ਇਕ ਮਹੀਨੇ ਤੋਂ ਚੱਲ ਰਹੇ ਰਾਜਨੀਤਕ ਸੰਕਟ ਵਿਚਾਲੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਏ.ਪੀ. ਨੂੰ ਦਿਤੇ ਇਕ ਇੰਟਰਵਿਊ ਵਿਚ ਇਹ.....
ਕਾਰਾਕਾਸ : ਵੈਨੇਜ਼ੁਏਲਾ ਵਿਚ ਇਕ ਮਹੀਨੇ ਤੋਂ ਚੱਲ ਰਹੇ ਰਾਜਨੀਤਕ ਸੰਕਟ ਵਿਚਾਲੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਏ.ਪੀ. ਨੂੰ ਦਿਤੇ ਇਕ ਇੰਟਰਵਿਊ ਵਿਚ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਟਰੰਪ ਪ੍ਰਸ਼ਾਸਨ ਨਾਲ ਗੁਪਤ ਵਾਰਤਾ ਕੀਤੀ ਹੈ ਅਤੇ ਉਮੀਦ ਜਤਾਈ ਹੈ ਕਿ ਸੰਸਾਰਕ ਪੱਧਰ 'ਤੇ ਉਨ੍ਹਾਂ ਦੇ ਅਸਤੀਫ਼ੇ ਲਈ ਬਣਾਇਆ ਜਾ ਰਿਹਾ ਦਬਾਅ ਖਤਮ ਹੋਵੇਗਾ। ਅਪਣੀ ਸਮਾਜਵਾਦੀ ਸਰਕਾਰ ਵਿਰੁਧ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਕਰਾਅ ਵਾਲੇ ਰਵੱਈਏ ਦੀ ਤਿੱਖੀ ਆਲੋਚਨਾ ਕਰਦੇ ਹੋਏ ਮਾਦੁਰੋ ਨੇ ਵੀਰਵਾਰ ਨੂੰ ਕਿਹਾ ਸੀ ਕਿ ਸੰਕਟ ਦੇ ਹੱਲ ਲਈ ਅਮਰੀਕੀ ਰਾਸ਼ਟਰਪਤੀ ਦੇ ਨਾਲ ਮੀਟਿੰਗ ਦੀ ਉਮੀਦ ਘੱਟ ਹੈ।
ਅਮਰੀਕਾ ਨੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਇਡੋ ਨੂੰ ਵੈਨੇਜ਼ੁਏਲਾ ਦੇ ਅਧਿਕਾਰਤ ਨੇਤਾ ਵਜੋਂ ਮਾਨਤਾ ਦਿਤੀ ਸੀ, ਜਿਸ ਨਾਲ ਉਥੇ ਵੱਡਾ ਸੰਕਟ ਪੈਦਾ ਹੋ ਗਿਆ। ਮਾਦੁਰੋ ਨੇ ਕਿਹਾ ਕਿ ਨਿਊਯਾਰਕ ਵਿਚ ਹੋਈਆਂ ਦੋ ਮੀਟਿੰਗਾਂ ਵਿਚ ਉਨ੍ਹਾਂ ਦੇ ਵਿਦੇਸ਼ ਮੰਤਰੀ ਵਾਸ਼ਿੰਗਟਨ ਵਿਚ ਵੈਨੇਜ਼ੁਏਲਾ ਦੇ ਵਿਸ਼ੇਸ਼ ਦੂਤ ਏਲੀਅਟ ਅਬਰਾਮਸ ਨੂੰ ਨਿਜੀ, ਜਨਤਕ ਜਾਂ ਗੁਪਤ ਰੂਪ ਨਾਲ ਮਿਲਣ ਲਈ ਕਿਹਾ। ਮਾਦੁਰੋ ਨੇ ਵਿਸਥਾਰਤ ਵੇਰਵਾ ਦਿਤੇ ਬਿਨਾਂ ਕਿਹਾ, ਜੇਕਰ ਉਹ ਮਿਲਣਾ ਚਾਹੁੰਦੇ ਹਨ ਤਾਂ ਮੈਨੂੰ ਦੱਸਣ ਕਿ ਕਦੋਂ, ਕਿੱਥੇ ਅਤੇ ਕਿਵੇਂ ਮਿਲਾਂਗੇ ਅਤੇ ਮੈਂ ਉਥੇ ਮੌਜੂਦ ਹੋਵਾਂਗਾ। ਉਨ੍ਹਾਂ ਨੇ ਕਿਹਾ ਕਿ ਨਿਊਯਾਰਕ ਵਿਚ ਕਈ ਘੰਟਿਆਂ ਤੱਕ ਮੀਟਿੰਗ ਚੱਲੀ।
ਵਾਸ਼ਿੰਗਟਨ ਵਿਚ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਅਮਰੀਕਾ ਦੇ ਅਧਿਕਾਰੀ ਮਾਦੁਰੋ ਸਣੇ ਵੈਨੇਜ਼ੁਏਲਾ ਦੇ ਸਾਬਕਾ ਅਧਿਕਾਰੀਆਂ ਨਾਲ ਮਿਲਣਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੇ ਹਟਣ ਦੀ ਯੋਜਨਾ 'ਤੇ ਚਰਚਾ ਕਰ ਸਕੀਏ। (ਪੀਟੀਆਈ)