
ਅਬੂ ਕਤਾਲ ਨੂੰ ਅਤਿਵਾਦੀ ਹਾਫਿਜ਼ ਸਈਦ ਦਾ ਕਾਫ਼ੀ ਕਰੀਬੀ ਮੰਨਿਆ ਜਾਂਦਾ ਸੀ
ਪਾਕਿਸਤਾਨ ’ਚ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੂੰ ਵੱਡਾ ਝਟਕਾ ਲੱਗਾ ਹੈ। ਮੋਸਟ ਵਾਂਟੇਡ ਅਤਿਵਾਦੀ ਅਬੂ ਕਤਾਲ ਸਿੰਘੀ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਬੀਤੀ ਸਨਿਚਰਵਾਰ ਦੀ ਰਾਤ ਨੂੰ ਵਾਪਰੀ। ਅਬੂ ਕਤਾਲ ਨੇ ਭਾਰਤ ਵਿਚ ਵੀ ਕਈ ਵੱਡੇ ਹਮਲਿਆਂ ਨੂੰ ਅੰਜਾਮ ਦਿਤਾ ਸੀ। ਐਨ.ਆਈ.ਏ ਨੇ ਉਸ ਨੂੰ ਲੋੜੀਂਦਾ ਅਤਿਵਾਦੀ ਐਲਾਨ ਕੀਤਾ ਹੋਇਆ ਸੀ। ਇਹ ਅਤਿਵਾਦੀ ਫ਼ੌਜ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਸੀ।
ਅਤਿਵਾਦੀ ਅਬੂ ਕਤਾਲ ਨੂੰ ਖ਼ਤਰਨਾਕ ਅਤਿਵਾਦੀ ਹਾਫਿਜ਼ ਸਈਦ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਸੀ। ਹਾਫ਼ਿਜ਼ ਮੁੰਬਈ ਹਮਲਿਆਂ ਦਾ ਮਾਸਟਰਮਾਈਂਡ ਹੈ। 26/11 ਦੇ ਮੁੰਬਈ ਅਤਿਵਾਦੀ ਹਮਲੇ ’ਚ 166 ਲੋਕਾਂ ਦੀ ਮੌਤ ਹੋ ਗਈ ਸੀ। ਲਸ਼ਕਰ-ਏ-ਤੋਇਬਾ ਦੇ 10 ਪਾਕਿਸਤਾਨੀ ਅਤਿਵਾਦੀਆਂ ਨੇ ਮੁੰਬਈ ’ਚ ਕਈ ਥਾਵਾਂ ’ਤੇ ਹਮਲੇ ਕੀਤੇ ਸਨ। ਇਸ ਘਟਨਾ ਕਾਰਨ ਪਾਕਿਸਤਾਨ ਅਤੇ ਭਾਰਤ ਦੇ ਰਿਸ਼ਤੇ ਵਿਗੜ ਗਏ ਸਨ। ਦੋਹਾਂ ਦੇਸ਼ਾਂ ਵਿਚਾਲੇ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਸੀ।
ਹਾਫ਼ਿਜ਼ ਸਈਦ ਨੇ ਜੰਮੂ-ਕਸ਼ਮੀਰ ’ਤੇ ਵੱਡੇ ਹਮਲੇ ਕਰਨ ਦੀ ਜ਼ਿੰਮੇਵਾਰੀ ਅੱਬੂ ਨੂੰ ਦਿਤੀ ਸੀ। ਹਾਫ਼ਿਜ਼ ਨੇ ਹੀ ਅਬੂ ਨੂੰ ਲਸ਼ਕਰ ਦਾ ਚੀਫ਼ ਆਪਰੇਸ਼ਨਲ ਕਮਾਂਡਰ ਬਣਾਇਆ ਸੀ। ਹਾਫਿਜ਼ ਸਈਦ ਅਬੂ ਨੂੰ ਹੁਕਮ ਦਿੰਦਾ ਸੀ, ਜਿਸ ਤੋਂ ਬਾਅਦ ਉਹ ਕਸ਼ਮੀਰ ’ਚ ਵੱਡੇ ਹਮਲੇ ਕਰਦਾ ਸੀ। ਦਸਣਯੋਗ ਹੈ ਕਿ ਬੀਤੀ 9 ਜੂਨ ਨੂੰ ਜੰਮੂ-ਕਸ਼ਮੀਰ ਦੇ ਰਿਆਸੀ ’ਚ ਸ਼ਿਵ-ਖੋਦੀ ਮੰਦਰ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ’ਤੇ ਅਤਿਵਾਦੀਆਂ ਨੇ ਹਮਲਾ ਕੀਤਾ ਸੀ,
ਉਸ ਹਮਲੇ ਦਾ ਮਾਸਟਰਮਾਈਂਡ ਅਬੂ ਕਤਾਲ ਹੀ ਸੀ। ਇਸ ਤੋਂ ਇਲਾਵਾ ਕਤਾਲ ਨੂੰ ਕਸ਼ਮੀਰ ਵਿਚ ਕਈ ਵੱਡੇ ਹਮਲਿਆਂ ਦਾ ਮਾਸਟਰਮਾਈਂਡ ਵੀ ਮੰਨਿਆ ਜਾਂਦਾ ਸੀ। ਐਨਆਈਏ ਨੇ 2023 ਦੇ ਰਾਜੌਰੀ ਹਮਲੇ ਲਈ ਕਤਾਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਦਰਅਸਲ ਐਨਆਈਏ ਨੇ ਜਨਵਰੀ 2023 ਵਿਚ ਰਾਜੌਰੀ ਵਿਚ ਹੋਏ ਹਮਲੇ ਲਈ 5 ਲੋਕਾਂ ਵਿਰੁਧ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ ਵਿਚ ਲਸ਼ਕਰ ਦੇ 3 ਪਾਕਿਸਤਾਨੀ ਅਤਿਵਾਦੀ ਸ਼ਾਮਲ ਸਨ।
1 ਜਨਵਰੀ 2023 ਨੂੰ ਰਾਜੌਰੀ ਜ਼ਿਲ੍ਹੇ ਦੇ ਪਿੰਡ ਢਾਂਗਰੀ ’ਚ ਨਾਗਰਿਕਾਂ ’ਤੇ ਅਤਿਵਾਦੀ ਹਮਲਾ ਹੋਇਆ ਸੀ। ਅਗਲੇ ਦਿਨ ਆਈਈਡੀ ਧਮਾਕਾ ਹੋਇਆ। ਇਨ੍ਹਾਂ ਹਮਲਿਆਂ ਵਿਚ 2 ਬੱਚਿਆਂ ਸਮੇਤ ਸੱਤ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ। ਚਾਰਜਸ਼ੀਟ ’ਚ ਸ਼ਾਮਲ ਤਿੰਨ ਅਤਿਵਾਦੀ ਲਸ਼ਕਰ-ਏ-ਤੋਇਬਾ ਦੇ ਕਾਰਕੁਨ ਦੱਸੇ ਗਏ ਹਨ,
ਜਿਨ੍ਹਾਂ ਦੀ ਪਛਾਣ ਸੈਫੁੱਲਾ ਉਰਫ ਸਾਜਿਦ ਜੱਟ, ਮੁਹੰਮਦ ਕਾਸਿਮ ਅਤੇ ਅਬੂ ਕਤਾਲ ਉਰਫ ਕਤਾਲ ਸਿੰਘੀ ਵਜੋਂ ਹੋਈ ਹੈ। ਕਤਾਲ ਅਤੇ ਸਾਜਿਦ ਜੱਟ ਪਾਕਿਸਤਾਨੀ ਨਾਗਰਿਕ ਸਨ, ਜਦੋਂਕਿ ਕਾਸਿਮ 2002 ਦੇ ਆਸਪਾਸ ਪਾਕਿਸਤਾਨ ਚਲਾ ਗਿਆ ਸੀ ਅਤੇ ਉਥੇ ਲਸ਼ਕਰ ਅਤਿਵਾਦੀ ਸਮੂਹਾਂ ਵਿਚ ਸ਼ਾਮਲ ਹੋ ਗਿਆ ਸੀ।