
ਏਅਰਲਾਈਨਾਂ ਨੂੰ ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਤੋਂ ਜਹਾਜ਼ਾਂ ਦੀ ਸਪੁਰਦਗੀ ਨਾ ਲੈਣ ਲਈ ਕਿਹਾ
ਵਾਸ਼ਿੰਗਟਨ : ਦੁਨੀਆਂ ਦੀਆਂ ਦੋ ਸੱਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਾਲੇ ਵਪਾਰ ਜੰਗ ਹੋਰ ਤੇਜ਼ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਚੀਨ ਨੂੰ ਹੁਣ ਅਮਰੀਕਾ ਨੂੰ ਆਯਾਤ ’ਤੇ 245 ਫੀ ਸਦੀ ਤਕ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਟਰੂਥ ਸੋਸ਼ਲ ’ਤੇ ਇਕ ਪੋਸਟ ’ਚ ਕਿਹਾ ਕਿ ਚੀਨ ਵੱਡੇ ਬੋਇੰਗ ਸੌਦੇ ਤੋਂ ਇਹ ਕਹਿੰਦੇ ਹੋਏ ਮੁਕਰ ਗਿਆ ਹੈ ਕਿ ਉਹ ਜਹਾਜ਼ਾਂ ਲਈ ਪੂਰੀ ਤਰ੍ਹਾਂ ਵਚਨਬੱਧ ਜਹਾਜ਼ਾਂ ਦਾ ਕਬਜ਼ਾ ਨਹੀਂ ਲਵੇਗਾ। ਉਹ ਉਨ੍ਹਾਂ ਰੀਪੋਰਟਾਂ ਦੀ ਪੁਸ਼ਟੀ ਕਰਦੇ ਜਾਪਦੇ ਹਨ ਕਿ ਚੀਨ ਨੇ ਅਪਣੀਆਂ ਏਅਰਲਾਈਨਾਂ ਨੂੰ ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਤੋਂ ਜਹਾਜ਼ਾਂ ਦੀ ਸਪੁਰਦਗੀ ਨਾ ਲੈਣ ਲਈ ਕਿਹਾ ਹੈ।
ਪੋਸਟ ’ਚ ਉਨ੍ਹਾਂ ਨੇ ਚੀਨ ਵਰਗੇ ਅਪਣੇ ਵਿਰੋਧੀਆਂ ਨਾਲ ਵਪਾਰ ਜੰਗ ’ਚ ਅਮਰੀਕਾ ਅਤੇ ਉਸ ਦੇ ਕਿਸਾਨਾਂ ਦੀ ਰੱਖਿਆ ਕਰਨ ਦਾ ਵੀ ਸੰਕਲਪ ਲਿਆ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਜਾਰੀ ਤੱਥ ਸੂਚੀ ’ਚ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਆਯਾਤ ਕੀਤੇ ਗਏ ਪ੍ਰੋਸੈਸਡ ਕ੍ਰਿਟੀਕਲ ਖਣਿਜਾਂ ਅਤੇ ਉਨ੍ਹਾਂ ਤੋਂ ਬਣਾਏ ਉਤਪਾਦਾਂ ’ਤੇ ਅਮਰੀਕਾ ਦੀ ਨਿਰਭਰਤਾ ਕਾਰਨ ਪੈਦਾ ਹੋਏ ਕੌਮੀ ਸੁਰੱਖਿਆ ਖਤਰਿਆਂ ਦੀ ਜਾਂਚ ਸ਼ੁਰੂ ਕਰਨ ਵਾਲੇ ਕਾਰਜਕਾਰੀ ਹੁਕਮ ’ਤੇ ਦਸਤਖਤ ਕੀਤੇ ਹਨ।
ਬਿਆਨ ’ਚ ਕਿਹਾ ਗਿਆ ਹੈ ਕਿ ਪਹਿਲੇ ਦਿਨ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਦੀ ਅਰਥਵਿਵਸਥਾ ਨੂੰ ਫਿਰ ਤੋਂ ਮਹਾਨ ਬਣਾਉਣ ਲਈ ਅਪਣੀ ‘ਅਮਰੀਕਾ ਪਹਿਲਾਂ ਵਪਾਰ ਨੀਤੀ’ ਦੀ ਸ਼ੁਰੂਆਤ ਕੀਤੀ। ਤੱਥ ਸੂਚੀ ਵਿਚ ਕਿਹਾ ਗਿਆ ਹੈ ਕਿ ਜਵਾਬੀ ਕਾਰਵਾਈ ਦੇ ਨਤੀਜੇ ਵਜੋਂ ਚੀਨ ਨੂੰ ਹੁਣ ਅਮਰੀਕਾ ਨੂੰ ਆਯਾਤ ’ਤੇ 245 ਫੀ ਸਦੀ ਤਕ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਇਕਲੌਤਾ ਅਜਿਹਾ ਦੇਸ਼ ਹੈ ਜਿਸ ਨੇ ਇਸ ਦਾ ਜਵਾਬ ਤਿੱਖੇ ਟੈਕਸਾਂ ਨਾਲ ਦਿਤਾ ਹੈ।
ਚੀਨ ਨੇ ਟਰੰਪ ਪ੍ਰਸ਼ਾਸਨ ਦੇ ਚੀਨੀ ਨਿਰਯਾਤ ’ਤੇ 145 ਫੀ ਸਦੀ ਟੈਕਸ ਲਗਾਉਣ ਦੇ ਜਵਾਬ ’ਚ ਸ਼ੁਕਰਵਾਰ ਨੂੰ ਅਮਰੀਕਾ ਤੋਂ ਆਯਾਤ ’ਤੇ ਵਾਧੂ ਟੈਰਿਫ ਵਧਾ ਕੇ 125 ਫੀ ਸਦੀ ਕਰ ਦਿਤਾ ਸੀ। ਅਮਰੀਕੀ ਟੈਰਿਫ ਵਾਧੇ ਤੋਂ ਬਾਅਦ ਚੀਨ ਨੇ ਡਬਲਯੂ.ਟੀ.ਓ. ਕੋਲ ਮੁਕੱਦਮਾ ਵੀ ਦਾਇਰ ਕੀਤਾ ਸੀ। ਟਰੰਪ ਨੇ ਚੀਨ ਤੋਂ ਇਲਾਵਾ ਹੋਰ ਦੇਸ਼ਾਂ ’ਤੇ ਅਗਲੇ 90 ਦਿਨਾਂ ਲਈ ਟੈਰਿਫ਼ ਲਾਗੂ ਕਰਨ ’ਤੇ ਰੋਕ ਲਗਾ ਦਿਤੀ ਸੀ।