
ਪਾਇਲਟ ਦੀ ਸਮਝਦਾਰੀ ਨਾਲ ਬਚੀ 119 ਲੋਕਾਂ ਦੀ ਜਾਨ
ਬੀਜਿੰਗ, 15 ਮਈ : ਚੀਨ ਦੇ ਸ਼ਿਚੁਆਨ ਏਅਰਲਾਈਨਜ਼ ਦੇ ਜਹਾਜ਼ 3ਯੂ8633 'ਚ ਅਚਾਨਕ ਕਾਕਪਿਟ ਦੀ ਖਿੜਕੀ ਟੁੱਟ ਗਈ। ਹਾਦਸੇ ਤੋਂ ਬਾਅਦ ਹਵਾ ਦੇ ਦਬਾਅ ਕਾਰਨ ਜਹਾਜ਼ ਦਾ ਸਹਿ-ਪਾਇਲਟ ਜਹਾਜ਼ ਦੇ ਬਾਹਰ ਲਟਕ ਗਿਆ। ਪੂਰੇ ਜਹਾਜ਼ 'ਚ ਹਫ਼ੜਾ-ਦਫ਼ੜੀ ਮਚ ਗਈ, ਪਰ ਪਾਇਲਟ ਦੀ ਸਮਝਦਾਰੀ ਕਾਰਨ 119 ਮੁਸਾਫ਼ਰਾਂ ਦੀ ਜਾਨ ਬਚ ਗਈ।ਜਹਾਜ਼ ਨੇ ਸੋਮਵਾਰ ਨੂੰ ਚੋਂਗਕਿਊਂਗ ਤੋਂ ਲਹਾਸਾ ਲਈ ਉਡਾਨ ਭਰੀ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਦੋਂ ਜਹਾਜ਼ ਲਗਭਗ 32 ਹਜ਼ਾਰ ਫ਼ੁਟ ਦੀ ਉਚਾਈ 'ਤੇ ਸੀ। ਖਿੜਕੀ ਟੁੱਟਣ ਕਾਰਨ ਜਹਾਜ਼ ਅੰਦਰ ਹਵਾ ਇੰਨੀ ਤੇਜ਼ੀ ਨਾਲ ਆਉਣ ਲੱਗੀ ਕਿ ਮੁਸਾਫ਼ਰਾਂ ਦਾ ਸਾਮਾਨ ਬਿਖਰ ਗਿਆ। ਜਹਾਜ਼ 'ਚ ਲੱਗੇ ਜ਼ਿਆਦਾਤਰ ਯੰਤਰਾਂ ਨੇ ਕੰਮ ਕਰਨਾ ਬੰਦ ਕਰ ਦਿਤਾ।
Broken Mirror Of Aeroplane
ਉਸ ਸਮੇਂ ਪਾਇਲਟ ਲਿਊ ਸ਼ੁਆਨਜਿਆਨ ਨੇ ਐਲਾਨ ਕੀਤਾ, ''ਘਬਰਾਉ ਨਾ ਅਸੀ ਸਥਿਤੀ ਸੰਭਾਲ ਲਵਾਂਗੇ।'' ਇਨਾ ਕਹਿੰਦੇ ਹੀ ਉਸ ਨੇ 20 ਮਿੰਟਾਂ 'ਚ ਜਹਾਜ਼ ਦੀ ਸਫ਼ਲ ਲੈਂਡਿੰਗ ਕਰਵਾ ਲਈ। ਪਾਇਲਟ ਲਿਊ ਨੇ ਦਸਿਆ, ''ਵਿੰਡਸ਼ੀਟ ਟੁੱਟਦੇ ਹੀ ਕੁੱਝ ਦੇਰ ਵਿਚ ਜਹਾਜ਼ ਦਾ ਤਾਪਮਾਨ ਮਨਫੀ 40 ਡਿਗਰੀ ਹੋ ਗਿਆ ਸੀ। 5 ਤੋਂ 6 ਸਕਿੰਟਾਂ 'ਚ ਹੀ ਜਹਾਜ਼ ਹੇਠਾਂ ਵਲ ਤੇਜ਼ੀ ਨਾਲ ਜਾਣ ਲੱਗ ਗਿਆ। ਮੇਰਾ ਕੋ-ਪਾਇਲਟ ਮੁਸ਼ਕਲ 'ਚ ਸੀ। ਮੈਂ ਵਾਰਨਿੰਗ 7700 ਜਾਰੀ ਕੀਤੀ। ਇਸ ਦਾ ਮਤਲਬ ਹੁੰਦਾ ਹੈ 'ਜਹਾਜ਼ ਨੂੰ ਗੰਭੀਰ ਖ਼ਤਰਾ।'