
ਪਿਛਲੇ ਤਿੰਨ ਹਫ਼ਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਤਕਰੀਬਨ 30 ਲੱਖ ਅਮਰੀਕੀ ਲੋਕਾਂ ਨੇ ਬੇਰੁਜ਼ਗਾਰੀ ਦੇ ਲਾਭਾਂ ਲਈ ਅਰਜ਼ੀ
ਵਾਸ਼ਿੰਗਟਨ, 15 ਮਈ : ਪਿਛਲੇ ਤਿੰਨ ਹਫ਼ਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਤਕਰੀਬਨ 30 ਲੱਖ ਅਮਰੀਕੀ ਲੋਕਾਂ ਨੇ ਬੇਰੁਜ਼ਗਾਰੀ ਦੇ ਲਾਭਾਂ ਲਈ ਅਰਜ਼ੀ ਦਿਤੀ ਸੀ। ਅਮਰੀਕਾ ਦੇ ਬਹੁਤੇ ਰਾਜਾਂ ਦੇ ਕਈ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦੇ ਬਾਵਜੂਦ ਕੰਪਨੀਆਂ ਛਾਂਟੀ ਕਰਨ ਲਈ ਮਜਬੂਰ ਹਨ। ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸਿਰਫ਼ ਦੋ ਮਹੀਨਿਆਂ ਵਿਚ ਲਗਭਗ 3.6 ਕਰੋੜ ਲੋਕਾਂ ਨੇ ਬੇਰੁਜ਼ਗਾਰੀ ਦੇ ਲਾਭ ਲਈ ਅਰਜ਼ੀ ਦਿਤੀ ਹੈ।
ਇਸ ਤੋਂ ਇਲਾਵਾ ਪਿਛਲੇ ਹਫ਼ਤੇ ਤਕਰੀਬਨ 8.42 ਲੱਖ ਲੋਕਾਂ ਨੇ ਸਵੈ-ਰੁਜ਼ਗਾਰ ਪ੍ਰਾਪਤ ਅਤੇ ਅਸਥਾਈ ਕਰਮਚਾਰੀਆਂ ਲਈ ਵੱਖਰੀ ਸਕੀਮ ਤਹਿਤ ਸਹਾਇਤਾ ਲਈ ਅਰਜ਼ੀ ਦਿਤੀ ਸੀ। ਇਹ ਅੰਕੜੇ ਦਰਸਾਉਂਦੇ ਹਨ ਕਿ ਰੁਜ਼ਗਾਰ ਬਾਜ਼ਾਰ ਇਕ ਵੱਡੇ ਸੰਕਟ ਦੀ ਪਕੜ ਵਿਚ ਹੈ ਅਤੇ ਆਰਥਿਕਤਾ ਨੂੰ ਇਕ ਡੂੰਘੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਅਰਥ ਸ਼ਾਸਤਰੀ ਕਹਿੰਦੇ ਹਨ ਕਿ ਕਿਸੇ ਹੋਰ ਸਹਾਇਤਾ ਪੈਕੇਜ ਤੋਂ ਬਿਨਾਂ ਹਜ਼ਾਰਾਂ ਛੋਟੇ ਕਾਰੋਬਾਰ ਦੀਵਾਲੀਆ ਹੋ ਜਾਣਗੇ, ਅਤੇ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਦੂਜੇ ਪਾਸੇ, ਕੇਂਦਰ ਸਰਕਾਰ ਅਤੇ ਸਥਾਨਕ ਸਰਕਾਰਾਂ ਨੂੰ ਮਾਲੀਏ ਵਿਚ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (ਪੀਟੀਆਈ)