
ਨਿਊ ਮੈਕਸੀਕੋ ਸੂਬੇ 'ਚ ਨੌਜੁਆਨ ਨੇ ਦਿਤਾ ਵਾਰਦਾਤ ਨੂੰ ਅੰਜਾਮ
ਨਿਊ ਮੈਕਸੀਕੋ : ਆਏ ਦਿਨ ਵਾਪਰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਅਤਿ ਚਿੰਤਾਜਨਕ ਹਨ। ਤਾਜ਼ਾ ਜਾਣਕਾਰੀ ਅਮਰੀਕਾ ਦੇ ਨਿਊ ਮੇਕਸਿਕੋ ਸੂਬੇ ਤੋਂ ਸਾਹਮਣੇ ਆਈ ਹੈ ਜਿਥੇ ਇਕ 18 ਸਾਲ ਦੇ ਨੌਜੁਆਨ ਵਲੋਂ ਕੀਤੀ ਗੋਲੀਬਾਰੀ ਵਿਚ ਘੱਟ ਤੋਂ ਘੱਟ ਤਿੰਨ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਘਟਨਾ ਸੋਮਵਾਰ ਨੂੰ ਨਿਊ ਮੈਕਸੀਕੋ ਦੇ ਫਾਰਮਿੰਗਟਨ ਦੇ ਇਕ ਰਿਹਾਇਸ਼ੀ ਖੇਤਰ ਵਿਚ, ਅਲਬੂਕਰਕ ਦੇ ਉੱਤਰ-ਪੱਛਮ ਵਿਚ ਲਗਭਗ 290 ਕਿਲੋਮੀਟਰ (180 ਮੀਲ) ਦੀ ਦੂਰੀ 'ਤੇ ਵਾਪਰੀ ਦੱਸੀ ਜਾ ਰਹੀ ਹੈ।
ਫਾਰਮਿੰਗਟਨ ਦੇ ਡਿਪਟੀ ਪੁਲਿਸ ਚੀਫ਼ ਬੈਰਿਕ ਕਰਮ ਨੇ ਇਕ ਨਿਊਜ਼ ਬ੍ਰੀਫਿੰਗ ਵਿਚ ਕਿਹਾ ਕਿ ਕੁੱਲ ਨੌਂ ਲੋਕ ਇਸ ਗੋਲੀਬਾਰੀ ਦਾ ਸ਼ਿਕਾਰ ਹੋਏ ਸਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਕੀ ਘਟਨਾ ਵਿਚ ਮਾਰੇ ਗਏ ਤਿੰਨ ਲੋਕ ਵੀ ਇਸੇ ਗਿਣਤੀ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ: ਪੁਲਿਸ ਮੁਲਾਜ਼ਮ ਨੇ ਚੋਰੀ ਦੀ ਏ.ਕੇ.-47 ਨਾਲ ਭਾਰਤੀ ਮੂਲ ਦੇ ਕਾਰੋਬਾਰੀ ਨੂੰ ਮਾਰੀ ਗੋਲੀ
ਗੋਲੀਬਾਰੀ ਦੀ ਇਸ ਘਟਨਾ ਸਬੰਧੀ ਸਵਾਲਾਂ ਦਾ ਜਵਾਬ ਦਿੰਦਿਆਂ ਜਾਂਚ ਅਧਿਕਾਰੀਆਂ ਨੇ ਦਸਿਆ ਕਿ ਉਸ ਵਕਤ ਹਫੜਾ-ਦਫੜੀ ਦਾ ਮਾਹੌਲ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨਾਲ ਮੁਲਜ਼ਮ ਦਾ ਸਾਹਮਣਾ ਹੋਇਆ ਜਿਸ ਨੂੰ ਉਦੋਂ ਹੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਦਸਿਆ ਹੈ ਕਿ ਇਲਾਕੇ ਵਿਚ ਸਥਿਤੀ ਕਾਬੂ ਹੇਠ ਹੈ। ਉਧਰ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।