ਦਫ਼ਤਰਾਂ ਤੇ ਕਲੱਬਾਂ ’ਚ ਵੀ ਜਾ ਰਹੇ ਬਿਨਾਂ ਜੁਤੀਆਂ
Barefoot Lifestyle: ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ’ਚ ਰਹਿੰਦੇ ਲੋਕਾਂ ’ਚ ਹੁਣ ਨੰਗੇ ਪੈਰੀਂ ਚੱਲਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਧਰਤੀ ਦੇ ਦਖਣੀ ਧਰੁਵ ’ਤੇ ਸਥਿਤ ਇਨ੍ਹਾਂ ਦੋਵੇਂ ਦੇਸ਼ਾਂ ਦੇ ਨਾਗਰਿਕ ਅੱਜ-ਕਲ੍ਹ ਦਫ਼ਤਰਾਂ, ਪਾਰਟੀਆਂ, ਸ਼ਾਪਿੰਗ ਮਾਲਾਂ, ਕਲੱਬਾਂ, ਹੋਟਲਾਂ ਤੇ ਖੇਡ ਦੇ ਮੈਦਾਨਾਂ ’ਚ ਵੀ ਬਿਨਾ ਜੁਤੀਆਂ ਦੇ ਹੀ ਜਾਂਦੇ ਵਿਖਾਈ ਦੇ ਰਹੇ ਹਨ।
ਮਨੁਖ ਨੇ 40 ਹਜ਼ਾਰ ਸਾਲ ਪਹਿਲਾਂ ਨੰਗੇ ਪੈਰੀਂ ਚਲਣਾ ਤਿਆਗ ਦਿਤਾ ਸੀ। ਉਸ ਤੋਂ ਬਾਅਦ ਹੁਣ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਜਿਹੇ ਵਿਕਸਤ ਦੇਸ਼ਾਂ ’ਚ ਬਿਨਾ ਜੁਤੀਆਂ ਦੇ ਘਰੋਂ ਬਾਹਰ ਨਿਕਲਣ ਦਾ ਰੁਝਾਨ ਦੁਨੀਆ ਨੂੰ ਕੁਝ ਹੈਰਾਨ ਕਰ ਰਿਹਾ ਹੈ। ਮਾਈਕ੍ਰੋਬਲੌਗਿੰਗ ਪਲੇਟਫ਼ਾਰਮ ‘ਐਕਸ’ ’ਤੇ ‘ਸੈਂਸਰਡਮੈਨ’ ਨਾਮ ਦੇ ਹੈਂਡਲ ਤੋਂ ਇਕ ਵੀਡੀਉ ਪੋਸਟ ਕੀਤੀ ਗਈ ਹੈ, ਜਿਸ ਵਿਚ ਸੜਕਾਂ ’ਤੇ ਲੋਕਾਂ ਨੂੰ ਨੰਗੇ ਪੈਰੀਂ ਚਲਦਿਆਂ ਵੇਖਿਆ ਜਾ ਸਕਦਾ ਹੈ।
ਪੂਰੇ 19 ਸੈਕੰਡ ਦੇ ਇਸ ਵੀਡੀਉ ’ਤੇ ਲਿਖਿਆ ਹੈ - ਕੀ ਹੋਇਆ ਆਸਟ੍ਰੇਲੀਆ ਵਾਲਿਉ। ਉਧਰ ਸਕੂਲਾਂ ’ਚ ਵੀ ਬੱਚਿਆਂ ਨੂੰ ਨੰਗੇ ਪੈਰ ਚਲਣ ਦੇ ਫ਼ਾਇਦੇ ਦਸੇ ਜਾ ਰਹੇ ਹਨ ਅਤੇ ਇਸ ਰੁਝਾਨ ਨੂੰ ਤੰਦਰੁਸਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪਰਥ ਦੇ ਇਕ ਪ੍ਰਾਇਮਰੀ ਸਕੂਲ ’ਚ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਨੰਗੇ ਪੈਰੀਂ ਆਉਣ ਦੀ ਇਜਾਜ਼ਤ ਹੈ।
(For more Punjabi news apart from Australians Embrace Barefoot Lifestyle, stay tuned to Rozana Spokesman)