
ਕਿਹਾ, ਸਥਿਤੀ ਕਾਬੂ ਹੇਠ ਹੈ, ਭਾਰਤੀ ਪੱਤਰਕਾਰਾਂ ਨੂੰ ਬੰਗਲਾਦੇਸ਼ ਆਉਣ ਅਤੇ ਜ਼ਮੀਨੀ ਪੱਧਰ ’ਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਮੁੱਦਿਆਂ ’ਤੇ ਰੀਪੋਰਟ ਕਰਨ ਦਾ ਸੱਦਾ ਦਿਤਾ
ਢਾਕਾ: ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਸਿਆ ਕਿ ਬੰਗਲਾਦੇਸ਼ ’ਚ ਸਥਿਤੀ ਕੰਟਰੋਲ ’ਚ ਆ ਗਈ ਹੈ ਅਤੇ ਜ਼ਿੰਦਗੀ ਆਮ ਵਾਂਗ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ’ਤੇ ਹਮਲਿਆਂ ਦੀਆਂ ਰੀਪੋਰਟਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਮੁਹੰਮਦ ਯੂਨਸ ਨੇ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਡਿੱਗਣ ਤੋਂ ਬਾਅਦ 8 ਅਗੱਸਤ ਨੂੰ ਬੰਗਲਾਦੇਸ਼ ਵਿਚ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਵਜੋਂ ਸਹੁੰ ਚੁਕੀ ਸੀ।
ਸ਼ੇਖ ਹਸੀਨਾ (76) ਨੂੰ ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਦੇ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ 5 ਅਗੱਸਤ ਨੂੰ ਅਸਤੀਫਾ ਦੇਣਾ ਪਿਆ ਸੀ ਅਤੇ ਉਹ ਦੇਸ਼ ਛੱਡ ਕੇ ਭਾਰਤ ਚਲੀ ਗਈ ਸੀ। ਬੰਗਲਾਦੇਸ਼ ਸਰਕਾਰ ਦੇ ਮੁੱਖ ਸਲਾਹਕਾਰ ਨੇ ‘ਐਕਸ’ ’ਤੇ ਇਕ ਪੋਸਟ ’ਓ ਕਿਹਾ, ‘‘ਬੰਗਲਾਦੇਸ਼ ’ਚ ਸਥਿਤੀ ਕੰਟਰੋਲ ’ਚ ਆ ਗਈ ਹੈ ਅਤੇ ਦੇਸ਼ ਭਰ ’ਚ ਜਨਜੀਵਨ ਆਮ ਵਾਂਗ ਹੋ ਰਿਹਾ ਹੈ।’’
ਯੂਨਸ ਨੇ ਕਿਹਾ ਕਿ ਘੱਟ ਗਿਣਤੀਆਂ ’ਤੇ ਹਮਲਿਆਂ ਦੀਆਂ ਰੀਪੋਰਟਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ ਅਤੇ ਉਹ ਭਾਰਤੀ ਪੱਤਰਕਾਰਾਂ ਨੂੰ ਬੰਗਲਾਦੇਸ਼ ਆਉਣ ਅਤੇ ਜ਼ਮੀਨੀ ਪੱਧਰ ’ਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਮੁੱਦਿਆਂ ’ਤੇ ਰੀਪੋਰਟ ਕਰਨ ਦਾ ਸੱਦਾ ਦੇ ਰਹੇ ਹਨ। ਯੂਨਸ ਨੇ ਸਨਿਚਰਵਾਰ ਨੂੰ ਆਨਲਾਈਨ ‘ਥਰਡ ਵੌਇਸ ਆਫ ਗਲੋਬਲ ਸਾਊਥ ਸੰਮੇਲਨ’ ਵਿਚ ਸ਼ਾਮਲ ਹੋਣ ਲਈ ਭਾਰਤੀ ਨੇਤਾ ਦੇ ਸੱਦੇ ਨੂੰ ਵੀ ਮਨਜ਼ੂਰ ਕਰ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਉਮੀਦ ਪ੍ਰਗਟਾਈ ਕਿ ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਹਿੰਸਾ ਗ੍ਰਸਤ ਬੰਗਲਾਦੇਸ਼ ’ਚ ਸਥਿਤੀ ਜਲਦੀ ਹੀ ਆਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀ ਗੁਆਂਢੀ ਦੇਸ਼ ਵਿਚ ਹਿੰਦੂਆਂ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਲਾਲ ਕਿਲ੍ਹੇ ਤੋਂ ਅਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਲਈ ਵਚਨਬੱਧ ਹੈ ਅਤੇ ਬੰਗਲਾਦੇਸ਼ ਦੀ ਵਿਕਾਸ ਯਾਤਰਾ ’ਚ ਉਸ ਦਾ ਸ਼ੁਭਚਿੰਤਕ ਬਣਿਆ ਰਹੇਗਾ।
ਯੂਨਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬੰਗਲਾਦੇਸ਼ ’ਚ ਹਿੰਦੂਆਂ ਦੀ ਸੁਰੱਖਿਆ ਦਾ ਭਰੋਸਾ ਦਿਤਾ
ਨਵੀਂ ਦਿੱਲੀ: ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਅਪਣੇ ਦੇਸ਼ ਵਿਚ ਹਿੰਦੂਆਂ ਅਤੇ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਭਰੋਸਾ ਦਿਤਾ।
ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਦੇ ਇਕ ਬਿਆਨ ਮੁਤਾਬਕ ਦੋਹਾਂ ਨੇਤਾਵਾਂ ਨੇ ਅਪਣੀਆਂ-ਅਪਣੀਆਂ ਕੌਮੀ ਤਰਜੀਹਾਂ ਅਨੁਸਾਰ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ।
ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਇਹ ਕਾਲ ਬੰਗਲਾਦੇਸ਼ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕੀਤੀ ਸੀ। ਮੌਜੂਦਾ ਸਥਿਤੀ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਲੋਕਤੰਤਰੀ, ਸਥਿਰ, ਸ਼ਾਂਤੀਪੂਰਨ ਅਤੇ ਪ੍ਰਗਤੀਸ਼ੀਲ ਬੰਗਲਾਦੇਸ਼ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਨੇ ਬੰਗਲਾਦੇਸ਼ ’ਚ ਹਿੰਦੂਆਂ ਅਤੇ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਭਰੋਸਾ ਦਿਤਾ।’’
ਮੁਹੰਮਦ ਯੂਨਸ ਨੇ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਡਿੱਗਣ ਤੋਂ ਬਾਅਦ 8 ਅਗੱਸਤ ਨੂੰ ਬੰਗਲਾਦੇਸ਼ ਵਿਚ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਵਜੋਂ ਸਹੁੰ ਚੁਕੀ ਸੀ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਲੋਕਤੰਤਰੀ, ਸਥਿਰ, ਸ਼ਾਂਤੀਪੂਰਨ ਅਤੇ ਪ੍ਰਗਤੀਸ਼ੀਲ ਬੰਗਲਾਦੇਸ਼ ਲਈ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਅਤੇ ਵੱਖ-ਵੱਖ ਵਿਕਾਸ ਪਹਿਲਕਦਮੀਆਂ ਰਾਹੀਂ ਬੰਗਲਾਦੇਸ਼ ਦੇ ਲੋਕਾਂ ਦੀ ਸਹਾਇਤਾ ਕਰਨ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ।
ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਵਿਚ ਹਿੰਦੂਆਂ ਅਤੇ ਹੋਰ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿਤਾ।
ਯੂਨਸ ਨੇ ਭਰੋਸਾ ਦਿਤਾ ਕਿ ਅੰਤਰਿਮ ਸਰਕਾਰ ਬੰਗਲਾਦੇਸ਼ ਵਿਚ ਹਿੰਦੂਆਂ ਅਤੇ ਸਾਰੇ ਘੱਟ ਗਿਣਤੀ ਸਮੂਹਾਂ ਦੀ ਸੁਰੱਖਿਆ ਨੂੰ ਤਰਜੀਹ ਦੇਵੇਗੀ। ਯੂਨਸ ਦੇ ਅਹੁਦਾ ਸੰਭਾਲਣ ਤੋਂ ਤੁਰਤ ਬਾਅਦ ਮੋਦੀ ਨੇ ਅਪਣੀਆਂ ਸ਼ੁਭਕਾਮਨਾਵਾਂ ਦਿਤੀਆਂ ਸਨ ਅਤੇ ਬੰਗਲਾਦੇਸ਼ ਵਿਚ ਹਿੰਦੂਆਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿਤਾ ਸੀ।