
ਪੁਲਿਸ ਅਨੁਸਾਰ ਮੀਡੀਆ ਨੇ ਘਟਨਾ ਨੂੰ ਵਧਾ-ਚੜ੍ਹਾ ਕੇ ਸਾਂਝਾ ਕੀਤਾ, ਪੂਰੀ ਕਹਾਣੀ ਅਤੇ ਪੂਰਾ ਸੰਦਰਭ ਨਹੀਂ ਬਿਆਨ ਕੀਤੇ
ਮੈਂ ਤਾਂ ਵਕੀਲਾਂ ਵਲੋਂ ਅਦਾਲਤ ’ਚ ਬਿਆਨ ਕੀਤੀਆਂ ਜਾਣ ਵਾਲੀਆਂ ਦਲੀਲਾਂ ਦਾ ਮਜ਼ਾਕ ਉਡਾ ਰਿਹਾ ਸੀ : ਡੈਨੀਅਲ ਆਡਰਰ
ਵਾਸ਼ਿੰਗਟਨ: ਸੀਏਟਲ ਪੁਲਿਸ ਅਫਸਰ ਗਿਲਡ ਨੇ ਇਸ ਸਾਲ ਦੇ ਸ਼ੁਰੂ ਵਿਚ ਭਾਰਤੀ ਵਿਦਿਆਰਥਣ ਜਾਨ੍ਹਵੀ ਕੰਡੂਲਾ ਦੀ ਮੌਤ ਤੋਂ ਬਾਅਦ ਅਸੰਵੇਦਨਸ਼ੀਲ ਟਿਪਣੀਆਂ ਕਰਦੇ ਪਾਏ ਗਏ ਅਪਣੇ ਇਕ ਅਧਿਕਾਰੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਮੀਡੀਆ ਨੇ ਪੁਲਿਸ ਕਾਰਵਾਈ ਦੀ ਹੱਦ ਨੂੰ ਵਧਾ-ਚੜ੍ਹਾ ਕੇ ਸਾਂਝਾ ਕੀਤਾ ਹੈ ਅਤੇ ਉਹ ਪੂਰੀ ਕਹਾਣੀ ਅਤੇ ਪੂਰਾ ਸੰਦਰਭ ਨਹੀਂ ਬਿਆਨ ਕਰ ਰਹੇ ਹਨ।
ਵਾਸ਼ਿੰਗਟਨ ਸਥਿਤ ਨੌਰਥ ਈਸਟਰਨ ਯੂਨੀਵਰਸਿਟੀ ਦੀ ਵਿਦਿਆਰਥਣ ਕੰਦੂਲਾ ਨੂੰ 23 ਜਨਵਰੀ, 2023 ਨੂੰ ਜਦੋਂ ਉਹ ਸੜਕ ਪਾਰ ਕਰ ਰਹੀ ਸੀ ਤਾਂ ਪੁਲਿਸ ਦੀ ਗੱਡੀ ਨੇ ਟੱਕਰ ਮਾਰ ਦਿਤੀ ਸੀ। ਇਸ ਗੱਡੀ ਨੂੰ ਕੇਵਿਨ ਡੇਵ ਨਾਂ ਦਾ ਅਧਿਕਾਰੀ ਚਲਾ ਰਿਹਾ ਸੀ। ਨਸ਼ੇ ਦੀ ‘ਓਵਰਡੋਜ਼’ ਸਬੰਧੀ ਇਕ ਮਾਮਲੇ ਦੀ ਸੂਚਨਾ ’ਤੇ ਰਫ਼ਤਾਰ ਹੱਦ ਦੀ ਉਲੰਘਣਾ ਕਰਦੇ ਹੋਏ ਉਹ 119 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ |
ਸੀਏਟਲ ਪੁਲਿਸ ਵਿਭਾਗ ਵਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਬਾਡੀਕੈਮ ਫੁਟੇਜ ’ਚ ਅਫਸਰ ਡੈਨੀਅਲ ਆਡਰਰ ਨੂੰ ਹਸਦੇ ਹੋਏ ਅਤੇ ਘਾਤਕ ਹਾਦਸੇ ਬਾਰੇ ਗੱਲ ਕਰਦੇ ਵਿਖਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਡੇਵ ਦੀ ਗ਼ਲਤੀ ਦੀ ਗੁੰਜਾਇਸ਼ ਨੂੰ ਵੀ ਨਕਾਰਦੇ ਨਜ਼ਰ ਆ ਰਹੇ ਹਨ।
ਆਡਰਰ ਨੂੰ ਬਾਡੀਕੈਮ ਰਿਕਾਰਡਿੰਗ ਵੀਡੀਉ ’ਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘ਹਾਂ, ਬੱਸ ਇਕ ਚੈੱਕ ਕੱਟੋ... 11,000 ਡਾਲਰ ਦਾ। ਵੈਸੇ ਵੀ ਉਹ 26 ਸਾਲਾਂ ਦੀ ਸੀ। ਉਸ ਦੀ ਜ਼ਿੰਦਗੀ ਦੀ ਕੀਮਤ ਸੀਮਤ ਸੀ।’’
ਗਿਲਡ ਨੇ ਇਕ ਬਿਆਨ ’ਚ ਕਿਹਾ, ‘‘ਇਸ ਵੀਡੀਉ ’ਚ ਗੱਲਬਾਤ ਦਾ ਸਿਰਫ ਇਕ ਪੱਖ ਵਿਖਾਇਆ ਗਿਆ ਹੈ। ਹੋਰ ਵੀ ਬਹੁਤ ਸਾਰੇ ਵੇਰਵੇ ਅਤੇ ਸੂਖਮਤਾਵਾਂ ਹਨ ਜੋ ਅਜੇ ਤਕ ਜਨਤਕ ਨਹੀਂ ਕੀਤੀਆਂ ਗਈਆਂ ਹਨ।’’
ਇਸ ਨੇ ਆਡਰਰ ਵਲੋਂ ਲਿਖੀ ਇਕ ਚਿੱਠੀ ਜਾਰੀ ਕੀਤੀ, ਜਿਸ ’ਚ ਅਧਿਕਾਰੀ ਨੇ ਕਿਹਾ ਕਿ ਉਹ ਵਕੀਲਾਂ ਦਾ ਮਜ਼ਾਕ ਉਡਾਉਣ ਲਈ ਇਹ ਟਿਪਣੀਆਂ ਕਰ ਰਿਹਾ ਹੈ। 3 ਅਗੱਸਤ ਨੂੰ ਪੁਲਿਸ ਜਵਾਬਦੇਹੀ ਦਫ਼ਤਰ ਨੂੰ ਲਿਖੀ ਇਕ ਚਿੱਠੀ ’ਚ, ਆਡਰਰ ਨੇ ਕਿਹਾ ਕਿ ਉਹ ਇਨ੍ਹਾਂ ਘਟਨਾਵਾਂ ’ਤੇ ਮੁਕੱਦਮੇਬਾਜ਼ੀ ਦੀ ਬੇਤੁਕੀਤਾ ਅਤੇ ਇਕ ਦੁਖਾਂਤ ਨੂੰ ਲੈ ਕੇ ਦੋ ਧਿਰਾਂ ਵਿਚਕਾਰ ‘‘ਸੌਦੇਬਾਜ਼ੀ’’ ’ਤੇ ਹਸਿਆ।
ਉਸ ਨੇ ਕਿਹਾ, ‘‘ਉਸ ਸਮੇਂ ਮੈਂ ਸੋਚਿਆ ਕਿ ਇਹ ਗੱਲਬਾਤ ਨਿੱਜੀ ਸੀ ਅਤੇ ਇਸ ਨੂੰ ਰੀਕਾਰਡ ਨਹੀਂ ਕੀਤਾ ਜਾ ਰਿਹਾ ਸੀ। ਇਹ ਗੱਲਬਾਤ ਵੀ ਮੇਰੇ ਫਰਜ਼ਾਂ ਦੇ ਦਾਇਰੇ ’ਚ ਨਹੀਂ ਸੀ।’’
ਆਡਰਰ ਨੇ ਕਿਹਾ, ‘‘ਮੈਨੂੰ 23 ਜਨਵਰੀ, 2023 ਨੂੰ ਸ਼ਹਿਰ ’ਚ ਇਕ ਗੱਡੀ ਤੋਂ ਹੋਈ ਘਾਤਕ ਟੱਕਰ ਤੋਂ ਬਾਅਦ ਸਹਾਇਤਾ ਲਈ ਭੇਜਿਆ ਗਿਆ ਸੀ।’’
ਉਸ ਨੇ ਕਿਹਾ, ‘‘ਘਰ ਜਾਂਦੇ ਸਮੇਂ, ਮੈਂ ਮਾਈਕ ਸੋਲਨ ਨੂੰ ਫ਼ੋਨ ਕੀਤਾ ਤਾਕਿ ਜੋ ਮੈਂ ਉਸ ਨੂੰ ਘਟਨਾ ਬਾਰੇ ਤਾਜ਼ਾ ਜਾਣਕਾਰੀ ਦੇ ਸਕਾਂ। ਕਾਲ ਦੀ ਗੱਲਬਾਤ ਅਣਜਾਣੇ ’ਚ ਮੇਰੇ ਬੀ.ਡਬਲਿਊ.ਵੀ. ’ਤੇ ਰੀਕਾਰਡ ਕੀਤੀ ਗਈ ਸੀ। ਗੱਲਬਾਤ ਮੇਰੀ ਗਸ਼ਤੀ ਕਾਰ ’ਚ ਹੋਈ। ਮੈਂ ਇਸ ’ਚ ਇਕੱਲਾ ਸੀ। ਉਸ ਫ਼ੋਨ ਕਾਲ ਦੌਰਾਨ, ਮਾਈਕ ਓਲਾਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਵਕੀਲ ਹੁਣ ‘ਮਨੁੱਖੀ ਜੀਵਨ ਦੀ ਕੀਮਤ’ ’ਤੇ ਬਹਿਸ ਕਰਨਗੇ।’’
ਆਡਰਰ ਨੇ ਲਿਖਿਆ, ‘‘ਮਾਈਕ ਸੋਲਨ ਨੇ ਮੈਨੂੰ ਕਿਹਾ: ‘ਇਸ ਤਰ੍ਹਾਂ ਦੇ ਮਾਮਲਿਆਂ ’ਚ ਵਕੀਲ ਕਿਹੜੀਆਂ ਬੇਕਾਰ ਦਲੀਲਾਂ ਦੇ ਸਕਦੇ ਹਨ?’ ਜਵਾਬ ’ਚ ਮੈਂ ਕਿਹਾ: ‘ਉਹ 26 ਸਾਲਾਂ ਦੀ ਹੈ। ਉਸ ਦੀ ਜਾਨ ਦੀ ਕੀ ਕੀਮਤ ਹੈ, ਕੌਣ ਪਰਵਾਹ ਕਰਦਾ ਹੈ?’ ਇਸ ਟਿਪਣੀ ਦਾ ਮਕਸਦ ਵਕੀਲਾਂ ਦਾ ਮਜ਼ਾਕ ਉਡਾਉਣਾ ਸੀ। ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਸ ਕੇਸ ’ਚ ਬਹਿਸ ਕਰ ਰਹੇ ਵਕੀਲ ਕੀ ਦਲੀਲਾਂ ਦੇ ਸਕਦੇ ਹਨ।’’
ਸਿਆਟਲ ਪੁਲਿਸ ਅਫਸਰ ਗਿਲਡ ਨੇ ਕਿਹਾ ਕਿ ਮੀਡੀਆ ਵਲੋਂ ਸਾਂਝੀਆਂ ਕੀਤੀਆਂ ਗਈਆਂ ਪੁਲਿਸ ਕਾਰਵਾਈਆਂ ਨਾਲ ਸਬੰਧਤ ਕੁਝ ਵਾਇਰਲ ਵੀਡੀਓਜ਼ ਪੂਰੀ ਕਹਾਣੀ/ਸੰਦਰਭ ਨਹੀਂ ਦੱਸਦੇ ਹਨ। ਇਸ ਦੌਰਾਨ, ਹਜ਼ਾਰਾਂ ਲੋਕਾਂ ਨੇ ਇਕ ਆਨਲਾਈਨ ਪਟੀਸ਼ਨ ’ਤੇ ਦਸਤਖਤ ਕੀਤੇ ਜਿਸ ’ਚ ਆਰਡਰ ਦੀਆਂ ਸੇਵਾਵਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ।
ਜਾਨ੍ਹਵੀ ਕੰਡੁਲਾ ਨੂੰ ਮਰਨ ਉਪਰੰਤ ਪੋਸਟ ਗਰੈਜੁਏਟ ਡਿਗਰੀ ਦਿਤੀ ਜਾਵੇਗੀ
ਸੀਏਟਲ (ਅਮਰੀਕਾ): ਭਾਰਤੀ ਵਿਦਿਆਰਥਣ ਜਾਨ੍ਹਵੀ ਕੰਡੁਲਾ ਨੂੰ ਮਰਨ ਉਪਰੰਤ ਪੋਸਟ ਗਰੈਜੁਏਟ ਡਿਗਰੀ ਦਿਤੀ ਜਾਵੇਗੀ। ਨਾਰਥਈਸਟਰਨ ਯੂਨੀਵਰਸਿਟੀ ਦੇ ਚਾਂਸਲਰ ਨੇ ਇਹ ਐਲਾਨ ਕੀਤਾ ਹੈ। ਇਸ ਸਾਲ 23 ਜਨਵਰੀ ਨੂੰ ਤੇਜ਼ ਗਤੀ ਨਾਲ ਆ ਰਹੀ ਪੁਲਿਸ ਦੀ ਇਕ ਕਾਰ ਨੇ ਕੰਡੁਲਾ ਨੂੰ ਟੱਕਰ ਮਾਰ ਦਿਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਚਾਂਸਲਰ ਨੇ ਉਮੀਦ ਪ੍ਰਗਟਾਈ ਸੀ ਕਿ ਕੰਡੁਲਾ ਦੀ ਮੌਤ ਦੇ ਮਾਮਲੇ ਦੀ ਜਾਂਚ ਨਿਆਂ ਅਤੇ ਜਵਾਬਦੇਹੀ ਯਕੀਨੀ ਕਰੇਗੀ।
ਕੰਡੂਲਾ ਨੇ ਇਸ ਸਾਲ ਦਸੰਬਰ ’ਚ ਨੌਰਥਈਸਟਰਨ ਯੂਨੀਵਰਸਿਟੀ ਦੇ ਸਿਆਟਲ ਕੈਂਪਸ ਤੋਂ ਸੂਚਨਾ ਪ੍ਰਣਾਲੀਆਂ ’ਚ ਮਾਸਟਰ ਡਿਗਰੀ ਪ੍ਰਾਪਤ ਕਰਨੀ ਸੀ। ਵਿਦਿਆਰਥੀ ਦੇ ਪਰਿਵਾਰ ਨੇ ਦਸਿਆ ਕਿ ਉਹ ਭਾਰਤ ’ਚ ਰਹਿ ਰਹੀ ਅਪਣੀ ਮਾਂ ਦੀ ਮਦਦ ਲਈ ਕੰਮ ਕਰ ਰਹੀ ਸੀ।
ਜਦੋਂ ਕੰਡੂਲਾ 23 ਜਨਵਰੀ 2023 ਨੂੰ ਸੜਕ ਪਾਰ ਕਰ ਰਹੀ ਸੀ ਤਾਂ ਉਸ ਨੂੰ ਪੁਲਿਸ ਦੀ ਗੱਡੀ ਨੇ ਟੱਕਰ ਮਾਰ ਦਿਤੀ ਸੀ। ਇਸ ਗੱਡੀ ਨੂੰ ਕੇਵਿਨ ਡੇਵ ਨਾਂ ਦਾ ਅਧਿਕਾਰੀ ਚਲਾ ਰਿਹਾ ਸੀ। ਨਸ਼ੇ ਦੀ ‘ਓਵਰਡੋਜ਼’ ਸਬੰਧੀ ਇਕ ਮਾਮਲੇ ਦੀ ਸੂਚਨਾ ’ਤੇ ਰਫ਼ਤਾਰ ਹੱਦ ਦੀ ਉਲੰਘਣਾ ਕਰਦੇ ਹੋਏ ਉਹ 119 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ |