
ਕਈ ਦਿਨ ਪਹਿਲਾਂ ਸ਼ੁਰੂ ਹੋਈ ਹਿੰਸਾ, ਅੱਜ ਸੁਰੱਖਿਆ ਬਲਾਂ ਨੇ ਇਲਾਕੇ ’ਚ ਦਾਖਲ ਹੋਣਾ ਕੀਤਾ ਸ਼ੁਰੂ
ਬੁਡਾਪੈਸਟ : ਮੌਜੂਦਾ ਚੈਂਪੀਅਨ ਡਿੰਗ ਲਿਰੇਨ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਭਾਰਤੀ ਮੁਕਾਬਲੇਬਾਜ਼ ਡੀ. ਗੁਕੇਸ਼ ਨਵੰਬਰ ’ਚ ਹੋਣ ਵਾਲੇ ਵਿਸ਼ਵ ਸ਼ਤਰੰਜ ਖਿਤਾਬ ਦੇ ਦਾਅਵੇਦਾਰ ਹਨ ਕਿਉਂਕਿ ਪਿਛਲੇ ਇਕ ਸਾਲ ’ਚ ਉਨ੍ਹਾਂ ਦੀ ਖੇਡ ’ਚ ਕਾਫੀ ਗਿਰਾਵਟ ਆਈ ਹੈ।
ਲਿਰੇਨ ਅਤੇ ਗੁਕੇਸ਼ ਇਸ ਸਮੇਂ ਇੱਥੇ 45ਵੇਂ ਸ਼ਤਰੰਜ ਓਲੰਪੀਆਡ ’ਚ ਹਿੱਸਾ ਲੈ ਰਹੇ ਹਨ। ਗੁਕੇਸ਼, ਆਰ. ਪ੍ਰਗਨਾਨੰਦ, ਵਿਦਿਤ ਗੁਜਰਾਤੀ ਅਤੇ ਅਰਜੁਨ ਏਰੀਗਾਸੀ ਦੀ ਟੀਮ ਨਾਲ ਸਜੀ ਭਾਰਤੀ ਟੀਮ ਇਸ ਸਮੇਂ ਲਿਰੇਨ ਦੇ ਚੀਨ ਅਤੇ ਮੇਜ਼ਬਾਨ ਹੰਗਰੀ ਦੇ ਨਾਲ ਚੋਟੀ ਦੇ ਸਥਾਨ ’ਤੇ ਹੈ।
ਕੌਮਾਂਤਰੀ ਸ਼ਤਰੰਜ ਫੈਡਰੇਸ਼ਨ (ਫਿਡੇ) ਵਲੋਂ ਕਰਵਾਈ ਗੱਲਬਾਤ ’ਚ ਲਿਰੇਨ ਨੇ ਕਿਹਾ, ‘‘ਮੈਂ ਅਪਣੇ ਵਿਰੋਧੀ (ਗੁਕੇਸ਼) ਨੂੰ ਇਸ ਟੂਰਨਾਮੈਂਟ ’ਚ ਚੰਗਾ ਖੇਡਦੇ ਹੋਏ ਵੇਖ ਰਿਹਾ ਹਾਂ। ਉਸ ਦੇ ਸ਼ਾਇਦ ਵਿਸ਼ਵ ਚੈਂਪੀਅਨਸ਼ਿਪ ’ਚ ਮੇਰੇ ਨਾਲੋਂ ਜਿੱਤਣ ਦੀ ਵਧੇਰੇ ਸੰਭਾਵਨਾ ਹੈ। ਉਸ ਦੀ ਰੇਟਿੰਗ ਇਸ ਸਮੇਂ ਮੇਰੇ ਨਾਲੋਂ ਉੱਚੀ ਹੈ।’’ ਉਨ੍ਹਾਂ ਕਿਹਾ, ‘‘ਪਿਛਲੇ ਸਾਲ ਤੋਂ ਮੇਰੀ ਖੇਡ ’ਚ ਕਾਫੀ ਗਿਰਾਵਟ ਆਈ ਹੈ ਪਰ ਮੈਂ ਰੇਟਿੰਗ ਦੇ ਪਾੜੇ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।’’
31 ਸਾਲ ਦੇ ਚੀਨੀ ਸ਼ਤਰੰਜ ਖਿਡਾਰੀ ਹੁਣ ਤਕ ਦਾ ਸੱਭ ਤੋਂ ਉੱਚਾ ਦਰਜਾ ਪ੍ਰਾਪਤ ਸ਼ਤਰੰਜ ਖਿਡਾਰੀ ਹੈ। ਉਸ ਨੇ ਪਿਛਲੇ ਸਾਲ ਮਈ ’ਚ ਰੂਸ ਦੇ ਗ੍ਰੈਂਡਮਾਸਟਰ ਇਯਾਨ ਨੇਪੋਮਨੀਆਚੀ ਨੂੰ ਹਰਾ ਕੇ ਗਲੋਬਲ ਖਿਤਾਬ ਦਾ ਤਾਜ ਜਿੱਤਿਆ ਸੀ। ਹਾਲਾਂਕਿ ਤਣਾਅ ਨਾਲ ਜੂਝਣ ਕਾਰਨ ਉਸ ਨੂੰ ਖੇਡ ਤੋਂ ਹਟਣਾ ਪਿਆ ਸੀ। ਲਿਰੇਨ ਨੇ ਇਸ ਸਾਲ ਦੇ ਸ਼ੁਰੂ ’ਚ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ’ਚ ਵਾਪਸੀ ਕੀਤੀ ਅਤੇ ਮੁਕਾਬਲੇ ’ਚ ਨੌਵੇਂ ਸਥਾਨ ’ਤੇ ਰਹੇ।
ਗੁਕੇਸ਼ ਨੇ ਅਪ੍ਰੈਲ ’ਚ ਕੈਂਡੀਡੇਟਸ ਟੂਰਨਾਮੈਂਟ ਜਿੱਤਿਆ ਸੀ ਅਤੇ 17 ਸਾਲ ਦੀ ਉਮਰ ’ਚ ਵਿਸ਼ਵ ਖਿਤਾਬ ਲਈ ਸੱਭ ਤੋਂ ਘੱਟ ਉਮਰ ਦਾ ਚੈਲੇਂਜਰ ਬਣ ਗਿਆ ਸੀ। ਉਹ ਮਈ ’ਚ 18 ਸਾਲ ਦਾ ਹੋ ਗਿਆ। ਇਸ ਖਿਤਾਬ ਅਤੇ 25 ਲੱਖ ਡਾਲਰ (ਲਗਭਗ 21 ਕਰੋੜ ਰੁਪਏ) ਦੀ ਇਨਾਮੀ ਰਕਮ ਲਈ ਦੋਵੇਂ ਸਿੰਗਾਪੁਰ ’ਚ 20 ਨਵੰਬਰ ਤੋਂ 15 ਦਸੰਬਰ ਤਕ ਭਿੜਨਗੇ।
ਜੇਕਰ ਗੁਕੇਸ਼ ਇਹ ਖਿਤਾਬ ਜਿੱਤਣ ’ਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਮਹਾਨ ਵਿਸ਼ਵਨਾਥਨ ਆਨੰਦ ਤੋਂ ਬਾਅਦ ਪਹਿਲਾ ਭਾਰਤੀ ਚੈਂਪੀਅਨ ਬਣ ਜਾਵੇਗਾ। ਆਨੰਦ ਨੇ ਅਪਣੇ ਸ਼ਾਨਦਾਰ ਕਰੀਅਰ ’ਚ ਪੰਜ ਵਾਰ ਇਹ ਤਾਜ ਜਿੱਤਿਆ। ਗੁਕੇਸ਼ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਅਪਣੀਆਂ ਯੋਜਨਾਵਾਂ ਦਾ ਪ੍ਰਗਟਾਵਾ ਕਰਨ ਤੋਂ ਪਰਹੇਜ਼ ਕੀਤਾ ਹੈ। ਲਿਰੇਨ ਵਿਰੁਧ ਮੈਚ ਬਾਰੇ ਪੁੱਛੇ ਜਾਣ ’ਤੇ ਉਸ ਨੇ ਮੌਜੂਦਾ ਟੂਰਨਾਮੈਂਟ ਬਾਰੇ ਗੱਲ ਕਰਨ ’ਤੇ ਜ਼ੋਰ ਦਿਤਾ। ਉਸ ਨੇ ਕਿਹਾ, ‘‘ਇਹ ਮਹੱਤਵਪੂਰਨ ਟੂਰਨਾਮੈਂਟ ਹੈ। ਮੈਂ ਬਿਹਤਰ ਸ਼ਤਰੰਜ ਖੇਡਣ ਦੀ ਉਮੀਦ ਕਰ ਰਿਹਾ ਹਾਂ। ਮੇਰਾ ਧਿਆਨ ਇਸ ਸਮੇਂ ਓਲੰਪੀਆਡ ’ਤੇ ਹੈ।’’
ਲਿਰੇਨ ਨੇ ਕਿਹਾ ਕਿ 11 ਗੇੜ ਦੇ ਓਲੰਪੀਆਡ ਵਿਚ ਸੋਨ ਤਮਗਾ ਜਿੱਤਣ ਲਈ ਭਾਰਤ ਅਤੇ ਚੀਨ ਵਿਚਾਲੇ ਸਖਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, ‘‘ਅਸੀਂ ਦੋਵੇਂ ਬਹੁਤ ਮਜ਼ਬੂਤ ਟੀਮਾਂ ਹਾਂ। ਸਾਡੇ ਕੋਲ ਗੋਲਡ ਮੈਡਲ ਮੈਚ ਹੋਣ ਦੀ ਸੰਭਾਵਨਾ ਹੈ।’’
ਗੁਕੇਸ਼ ਨੇ ਕਿਹਾ ਕਿ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਮਜ਼ਬੂਤ ਹਨ। ਓਲੰਪੀਆਡ ’ਚ ਓਪਨ ਵਰਗ (ਪੁਰਸ਼) ’ਚ 196 ਟੀਮਾਂ ਅਤੇ ਮਹਿਲਾ ਮੁਕਾਬਲੇ ’ਚ 184 ਟੀਮਾਂ ਹਿੱਸਾ ਲੈ ਰਹੀਆਂ ਹਨ। ਚੇਨਈ ਦੇ ਇਸ ਨੌਜੁਆਨ ਖਿਡਾਰੀ ਨੇ ਕਿਹਾ, ‘‘ਪੂਰਾ ਦੇਸ਼ ਮਜ਼ਬੂਤ ਹੈ, ਸਾਨੂੰ ਹਰ ਰੋਜ਼ ਸਹੀ ਜੋਸ਼ ਨਾਲ ਖੇਡਣਾ ਹੋਵੇਗਾ। ਸਾਡੀ ਟੀਮ ਦਾ ਮਾਹੌਲ ਬਹੁਤ ਵਧੀਆ ਹੈ।’’