ਅਯਾਤੁੱਲਾ ਅਲੀ ਖਾਮੇਨੇਈ ਨੇ ਭਾਰਤ 'ਚ ਮੁਸਲਮਾਨਾਂ 'ਤੇ ਜ਼ੁਲਮ ਦਾ ਲਾਇਆ ਆਰੋਪ
Ayatollah Khamenei : ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਭਾਰਤ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਭਾਰਤ ਨੂੰ ਮੁਸਲਿਮ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਕੀਤਾ ਹੈ। ਭਾਰਤ 'ਤੇ ਮੁਸਲਿਮ ਅੱਤਿਆਚਾਰ ਦਾ ਆਰੋਪ ਲਗਾਉਂਦੇ ਹੋਏ ਖਾਮੇਨੇਈ ਨੇ ਭਾਰਤ ਨੂੰ ਮਿਆਂਮਾਰ ਅਤੇ ਗਾਜ਼ਾ ਦੇ ਨਾਲ-ਨਾਲ ਗਿਣਿਆ ਹੈ। ਖਾਮੇਨੇਈ ਨੇ ਇਹ ਟਿੱਪਣੀ ਉਦੋਂ ਕੀਤੀ ਹੈ ਜਦੋਂ ਈਰਾਨ ਖੁਦ ਸੁੰਨੀ ਮੁਸਲਮਾਨਾਂ ਅਤੇ ਨਸਲੀ ਘੱਟ ਗਿਣਤੀਆਂ ਦੇ ਦਮਨ ਲਈ ਲਗਾਤਾਰ ਅੰਤਰਰਾਸ਼ਟਰੀ ਆਲੋਚਨਾ ਦਾ ਸਾਹਮਣਾ ਕਰਦਾ ਰਿਹਾ ਹੈ।
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਭਾਰਤ ਦੀ ਆਲੋਚਨਾ ਕੀਤੀ ਹੈ। ਉਸਨੇ ਗਾਜ਼ਾ ਅਤੇ ਮਿਆਂਮਾਰ ਦੇ ਨਾਲ ਭਾਰਤ ਨੂੰ ਉਹਨਾਂ ਖੇਤਰਾਂ ਦੇ ਰੂਪ 'ਚ ਸੂਚੀਬੱਧ ਕੀਤਾ ,ਜਿੱਥੇ ਮੁਸਲਮਾਨਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਪੀੜਤ ਮੁਸਲਿਮ ਆਬਾਦੀ ਦੀ ਰੱਖਿਆ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕੀ ਕਿਹਾ ?
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਅਸੀਂ ਈਰਾਨ ਦੇ ਸੁਪਰੀਮ ਲੀਡਰ ਵੱਲੋਂ ਭਾਰਤ ਵਿੱਚ ਘੱਟ ਗਿਣਤੀਆਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕਰਦੇ ਹਾਂ। ਇਹ ਗਲਤ ਜਾਣਕਾਰੀਆਂ 'ਤੇ ਆਧਾਰਿਤ ਹਨ ਅਤੇ ਅਸਵੀਕਾਰਨਯੋਗ ਹਨ। ਘੱਟ ਗਿਣਤੀਆਂ 'ਤੇ ਟਿੱਪਣੀਆਂ ਕਰਨ ਵਾਲੇ ਦੇਸ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਦੂਜੇ ਦੇਸ਼ਾਂ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਆਪਣਾ ਰਿਕਾਰਡ ਦੇਖਣ।"
ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਈਰਾਨ ਦੀ ਹੁੰਦੀ ਹੈ ਆਲੋਚਨਾ
ਹਾਲਾਂਕਿ, ਈਰਾਨ ਨੂੰ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਅਕਸਰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ, ਖਾਸ ਕਰਕੇ ਸੁੰਨੀ ਮੁਸਲਮਾਨਾਂ, ਨਸਲੀ ਘੱਟ ਗਿਣਤੀਆਂ ਅਤੇ ਔਰਤਾਂ ਦੇ ਸਬੰਧ ਵਿੱਚ। ਧਾਰਮਿਕ ਆਜ਼ਾਦੀ 'ਤੇ ਈਰਾਨ ਦੇ ਆਪਣੇ ਟਰੈਕ ਰਿਕਾਰਡ ਦੇ ਕਾਰਨ ਖਾਮੇਨੇਈ ਦੀਆਂ ਟਿੱਪਣੀਆਂ ਦੀ ਆਲੋਚਨਾ ਹੋ ਰਹੀ ਹੈ। ਈਰਾਨ ਵਿੱਚ ਘੱਟ ਗਿਣਤੀ ਸੁੰਨੀ ਮੁਸਲਮਾਨਾਂ ਨੂੰ ਤਹਿਰਾਨ ਵਰਗੇ ਵੱਡੇ ਸ਼ਹਿਰਾਂ ਵਿੱਚ ਮਸਜਿਦਾਂ ਬਣਾਉਣ ਦੇ ਅਧਿਕਾਰ ਤੋਂ ਲਗਾਤਾਰ ਇਨਕਾਰ ਕੀਤਾ ਜਾਂਦਾ ਹੈ ਅਤੇ ਸਰਕਾਰੀ ਅਤੇ ਧਾਰਮਿਕ ਸੰਸਥਾਵਾਂ ਵਿੱਚ ਗੰਭੀਰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਿਜਾਬ ਕਾਨੂੰਨ ਤੋੜਨ 'ਤੇ ਔਰਤਾਂ ਨੂੰ ਹੁੰਦੀ ਹੈ ਜੇਲ੍ਹ
ਇਸ ਤੋਂ ਇਲਾਵਾ ਕੁਰਦ, ਬਲੂਚੀ ਅਤੇ ਅਰਬ ਵਰਗੇ ਨਸਲੀ ਘੱਟ ਗਿਣਤੀ-ਜਿਨ੍ਹਾਂ 'ਚ ਕਈ ਸੁੰਨੀ ਵੀ ਹਨ - ਆਰਥਿਕ ਅਤੇ ਸੱਭਿਆਚਾਰਕ ਦਮਨ ਦਾ ਸ਼ਿਕਾਰ ਹਨ, ਜਿਸ ਨਾਲ ਉਹਨਾਂ ਦੇ ਅਧਿਕਾਰ ਤੋਂ ਵਾਂਝੇ ਹੋਣ ਦੀ ਭਾਵਨਾ ਵੱਧ ਰਹੀ ਹੈ। ਈਰਾਨ ਵਿੱਚ ਔਰਤਾਂ ਸਖ਼ਤ ਹਿਜਾਬ ਕਾਨੂੰਨ ਅਤੇ ਨੈਤਿਕਤਾ ਪੁਲਿਸ ਦੇ ਪਹਿਰੇ ਅਧੀਨ ਜਿਉਣ ਲਈ ਮਜਬੂਰ ਹਨ। ਜੋ ਮਹਿਲਾਵਾਂ ਲਾਜ਼ਮੀ ਹਿਜਾਬ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ ,ਉਨ੍ਹਾਂ ਨੂੰ ਜੁਰਮਾਨਾ, ਜੇਲ੍ਹ ਅਤੇ ਇੱਥੋਂ ਤੱਕ ਕਿ ਸਰੀਰਕ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।