
ਲਹਿੰਦੇ ਪੰਜਾਬ ਸਰਕਾਰ ਨੇ ਸਮੋਗ ਨੂੰ ‘ਸਿਹਤ ਸੰਕਟ’ ਐਲਾਨਿਆ
ਲਾਹੌਰ : ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸ਼ੁਕਰਵਾਰ (16 ਨਵੰਬਰ, 2024) ਨੂੰ ਸਮੋਗ ਨੂੰ ‘ਸਿਹਤ ਸੰਕਟ’ ਐਲਾਨ ਕੀਤਾ ਅਤੇ ਇਸ ਦੇ ਖਤਰਨਾਕ ਪੱਧਰ ਨਾਲ ਨਜਿੱਠਣ ਦੀ ਕੋਸ਼ਿਸ਼ ’ਚ ਸੂਬੇ ਦੇ ਕਈ ਸ਼ਹਿਰਾਂ ’ਚ ਬਨਾਉਟੀ ਮੀਂਹ ਦੀ ਵਰਤੋਂ ਕੀਤੀ, ਕਿਉਂਕਿ ਪਿਛਲੇ ਮਹੀਨੇ ਲੱਖਾਂ ਲੋਕਾਂ ਨੇ ਸਾਹ ਲੈਣ ’ਚ ਸਮੱਸਿਆਵਾਂ ਅਤੇ ਸਾਹ ਦੀਆਂ ਹੋਰ ਸਮੱਸਿਆਵਾਂ ਦੀ ਰੀਪੋਰਟ ਕੀਤੀ ਸੀ।
ਇਹ ਦੂਜੀ ਵਾਰ ਹੈ ਜਦੋਂ ਪੰਜਾਬ ਸਰਕਾਰ ਨੇ ਬਨਾਉਟੀ ਮੀਂਹ ਪਵਾਉਣ ਦਾ ਫੈਸਲਾ ਕੀਤਾ ਹੈ। ਪਿਛਲੇ ਸਾਲ ਦਸੰਬਰ ’ਚ ਸਰਕਾਰ ਨੇ ਲਾਹੌਰ ’ਚ ਕਲਾਉਡ ਸੀਡਿੰਗ ਦਾ ਸਫਲ ਪ੍ਰਯੋਗ ਕੀਤਾ ਸੀ। ਲਹਿੰਦੇ ਪੰਜਾਬ ਦੀ ਸਰਕਾਰ ਨੇ ਦੇਰ ਰਾਤ ਜਾਰੀ ਇਕ ਬਿਆਨ ’ਚ ਕਿਹਾ ਕਿ ਪੰਜਾਬ ਦੇ ਜੇਹਲਮ, ਚੱਕਵਾਲ, ਤਲਾਗੰਗ ਅਤੇ ਗੁਜਰ ਖਾਨ ਸ਼ਹਿਰਾਂ ’ਚ ਕੀਤੇ ਗਏ ਕਲਾਉਡ ਸੀਡਿੰਗ ਪ੍ਰਯੋਗ ਦੇ ਨਤੀਜੇ ਵਜੋਂ ਸ਼ੁਕਰਵਾਰ ਨੂੰ ਜੇਹਲਮ ਅਤੇ ਗੁਜਰ ਖਾਨ ’ਚ ਮੀਂਹ ਪਿਆ।
ਇਸ ਨੇ ਕਿਹਾ ਕਿ ਉਸ ਨੇ ਸਥਾਨਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਬਨਾਉਟੀ ਮੀਂਹ ਦਾ ਸਫਲ ਤਜਰਬਾ ਕੀਤਾ। ਉਨ੍ਹਾਂ ਕਿਹਾ ਕਿ ਸ਼ੁਕਰਵਾਰ ਦੁਪਹਿਰ 2 ਵਜੇ ਕਲਾਉਡ ਸੀਡਿੰਗ ਕੀਤੀ ਗਈ ਅਤੇ ਕੁੱਝ ਘੰਟਿਆਂ ਦੇ ਅੰਦਰ ਹੀ ਜੇਹਲਮ ਅਤੇ ਗੁਜਰ ਖਾਨ ’ਚ ਮੀਂਹ ਪੈ ਗਿਆ। ਇਸ ਪ੍ਰਯੋਗ ਤੋਂ ਬਾਅਦ ਲਾਹੌਰ ’ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਬਨਾਉਟੀ ਮੀਂਹ ਨਾਲ ਧੁੰਦ ਨੂੰ ਘੱਟ ਕਰਨ ’ਚ ਮਹੱਤਵਪੂਰਨ ਮਦਦ ਮਿਲੇਗੀ।
ਇਸ ਤੋਂ ਪਹਿਲਾਂ ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਕੁੱਝ ਹਫ਼ਤਿਆਂ ਤੋਂ ਲਗਭਗ 13 ਕਰੋੜ ਦੀ ਆਬਾਦੀ ਵਾਲੇ ਸੂਬੇ ’ਚ ਸੰਘਣੀ ਧੁੰਦ ਨਾਲ ਨਜਿੱਠਣ ਲਈ ਲਾਹੌਰ ਅਤੇ ਮੁਲਤਾਨ ਜ਼ਿਲ੍ਹਿਆਂ ’ਚ ‘ਸਿਹਤ ਐਮਰਜੈਂਸੀ’ ਲਾਗੂ ਕਰ ਦਿਤੀ ਹੈ।
ਸੂਬਾਈ ਸਿਹਤ ਵਿਭਾਗ ਦੇ ਅਨੁਸਾਰ, ਪਿਛਲੇ ਮਹੀਨੇ ਦੌਰਾਨ ਹਸਪਤਾਲਾਂ ’ਚ ਦਮਾ, ਛਾਤੀ ਦੀ ਲਾਗ, ਕੰਜਕਟਿਵਾਇਟਿਸ ਅਤੇ ਦਿਲ ਦੀਆਂ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਤੋਂ ਇਲਾਵਾ ਸਾਹ ਦੀ ਬਿਮਾਰੀ ਦੇ ਲਗਭਗ 20 ਲੱਖ ਮਾਮਲੇ ਸਾਹਮਣੇ ਆਏ ਹਨ।
ਜ਼ਹਿਰੀਲੇ ਪ੍ਰਦੂਸ਼ਕਾਂ ਕਾਰਨ ਸੰਘਣੀ ਧੁੰਦ ਨੇ ਪੰਜਾਬ ਦੇ ਕਈ ਸ਼ਹਿਰਾਂ ਨੂੰ ਅਪਣੀ ਲਪੇਟ ’ਚ ਲੈ ਲਿਆ ਹੈ ਜਿਸ ’ਚ ਲਾਹੌਰ ਅਤੇ ਮੁਲਤਾਨ ਸੱਭ ਤੋਂ ਵੱਧ ਪ੍ਰਭਾਵਤ ਹੋਏ ਹਨ। ਮੁਲਤਾਨ ’ਚ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) ਪਹਿਲਾਂ ਹੀ ਦੋ ਵਾਰ 2,000 ਨੂੰ ਪਾਰ ਕਰ ਚੁੱਕਾ ਹੈ, ਜਿਸ ਨੇ ਹਵਾ ਪ੍ਰਦੂਸ਼ਣ ਦਾ ਨਵਾਂ ਰੀਕਾਰਡ ਕਾਇਮ ਕੀਤਾ ਹੈ।
ਔਰੰਗਜ਼ੇਬ ਨੇ ਕਿਹਾ ਕਿ ਹਸਪਤਾਲ ਦੇ ਅੰਕੜਿਆਂ ਨੇ ਧੁੰਦ ਕਾਰਨ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਪੂਰੀ ਤਸਵੀਰ ਨਹੀਂ ਦਿਤੀ ਕਿਉਂਕਿ ਇਸ ਵਿਚ ਸਿਰਫ ਰੀਪੋਰਟ ਕੀਤੇ ਗਏ ਮਾਮਲੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਹ ਦੀਆਂ ਸਮੱਸਿਆਵਾਂ ਤੋਂ ਪੀੜਤ ਬਹੁਤ ਸਾਰੇ ਲੋਕ ਡਾਕਟਰਾਂ ਦੀ ਸਲਾਹ ਲੈਣ ਲਈ ਹਸਪਤਾਲ ਨਹੀਂ ਜਾਂਦੇ ਅਤੇ ਇਸ ਦੀ ਬਜਾਏ ਘਰ ਵਿਚ ਸਵੈ-ਦਵਾਈ ਲੈਂਦੇ ਹਨ ਜਾਂ ਗੈਰ ਰਸਮੀ ਡਿਸਪੈਂਸਰੀਆਂ ਵਿਚ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਸਮੇਂ ਧੁੰਦ ਦਾ ਸੰਕਟ ਸਿਹਤ ਸੰਕਟ ’ਚ ਬਦਲ ਗਿਆ ਹੈ। ਸਮੋਗ ’ਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਕਾਰਕਾਂ ’ਚ ਆਵਾਜਾਈ, ਖੇਤੀਬਾੜੀ, ਊਰਜਾ, ਸਾਡੀਆਂ ਆਦਤਾਂ, ਵਿਵਹਾਰ ਅਤੇ ਕੁਦਰਤ ਪ੍ਰਤੀ ਕਾਰਵਾਈਆਂ ਸ਼ਾਮਲ ਹਨ।
ਸਰਕਾਰ ਅਨੁਸਾਰ ਨਕਲੀ ਮੀਂਹ ਦਾ ਪ੍ਰਾਜੈਕਟ ਪਾਕਿਸਤਾਨ ਦੇ ਵਿਗਿਆਨਕ ਖੋਜ ਅਤੇ ਵਿਕਾਸ ਮਾਹਰਾਂ (ਐਸ.ਪੀ.ਡੀ.), ਆਰਮੀ ਏਵੀਏਸ਼ਨ, ਪਾਰਕੋ ਅਤੇ ਪੰਜਾਬ ਸਰਕਾਰ ਦੀ ਵਾਤਾਵਰਣ ਸੁਰੱਖਿਆ ਏਜੰਸੀ (ਈ.ਪੀ.ਏ.) ਦੀ ਸਾਂਝੀ ਕੋਸ਼ਿਸ਼ ਸੀ, ਜਿਸ ਦਾ ਸਿੱਟਾ ਸਫਲ ਨਕਲੀ ਮੀਂਹ ਵਜੋਂ ਨਿਕਲਿਆ।
ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਪ੍ਰਾਪਤੀ ’ਚ ਸ਼ਾਮਲ ਸਾਰੀਆਂ ਸੰਸਥਾਵਾਂ ਅਤੇ ਵਿਗਿਆਨਕ ਮਾਹਰਾਂ ਨੂੰ ਵਧਾਈ ਦਿਤੀ। ਅੱਜ ਸਮਰਪਣ, ਮਿਹਨਤ ਅਤੇ ਮੁਹਾਰਤ ਨੇ ਪੰਜਾਬ ਦੇ ਇਤਿਹਾਸ ’ਚ ਇਕ ਨਵਾਂ ਅਧਿਆਇ ਲਿਖਿਆ ਹੈ। ਪੂਰੇ ਦੇਸ਼ ਨੂੰ ਟੀਮ ’ਤੇ ਮਾਣ ਹੈ। ਲਾਹੌਰ ਅਤੇ ਪੰਜਾਬ ਦੇ ਕੁੱਝ ਹੋਰ ਸ਼ਹਿਰ ਪਿਛਲੇ ਕੁੱਝ ਹਫਤਿਆਂ ਤੋਂ ਸੱਭ ਤੋਂ ਭਿਆਨਕ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਹਨ।
ਸਰਕਾਰ ਨੇ ਧੂੰਏਂ ਨਾਲ ਨਜਿੱਠਣ ਲਈ ਸਕੂਲ ਬੰਦ ਕਰਨ, ਜ਼ਿਆਦਾ ਧੂੰਆਂ ਛੱਡਣ ਵਾਲੇ ਗੱਡੀਆਂ ’ਤੇ ਸ਼ਿਕੰਜਾ ਕੱਸਣ ਅਤੇ ਬਾਰਬੇਕਿਊ ਅਤੇ ਮਨੋਰੰਜਨ ਵਾਲੀਆਂ ਥਾਵਾਂ ’ਤੇ ਜਾਣ ’ਤੇ ਪਾਬੰਦੀ ਲਗਾਉਣ ਸਮੇਤ ਕਈ ਉਪਾਅ ਕੀਤੇ ਹਨ। ਹਾਲਾਂਕਿ, ਇਹ ਉਪਾਅ ਸੰਕਟ ਨਾਲ ਨਜਿੱਠਣ ਲਈ ਨਾਕਾਫੀ ਸਾਬਤ ਹੋਏ ਹਨ।