ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਬੋਲਣੀ ਕੀਤੀ ਲਾਜ਼ਮੀ, 7 ਹਜ਼ਾਰ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ
ਵਾਸ਼ਿੰਗਟਨ : ਅਮਰੀਕਾ ’ਚ ਡਰਾਈਵਿੰਗ ਦੇ ਆਧਾਰ ’ਤੇ ਨੌਕਰੀ ਦੀ ਭਾਲ ’ਚ ਗਏ ਪੰਜਾਬੀ ਨੌਜਵਾਨਾਂ ’ਤੇ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਸਖਤੀ ਕਰ ਦਿੱਤੀ ਹੈ। ਇਥੇ ਟਰੱਕ ਚਲਾਉਣ ਵਾਲੇ ਨੌਜਵਾਨਾਂ ਦੇ ਲਈ ਅੰਗਰੇਜ਼ੀ ਬੋਲਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਲਈ ਟੈਸਟ ਵੀ ਲਏ ਜਾ ਰਹੇ ਹਨ। ਇਨ੍ਹਾਂ ਟੈਸਟਾਂ ’ਚ ਹੁਣ ਤੱਕ 7 ਹਜ਼ਾਰ ਤੋਂ ਜ਼ਿਆਦਾ ਪਰਵਾਸੀ ਟਰੱਕ ਡਰਾਈਵਰ ਫੇਲ ਹੋ ਚੁੱਕੇ ਹਨ ਅਤੇ ਇਨ੍ਹਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਲਗਾਤਾਰ ਵਧ ਰਹ ਹਾਦਸਿਆਂ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਲਗਭਗ ਦੋ ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ਦੇ ਵੀਜ਼ਿਆਂ ’ਤੇ ਰੋਕ ਲਗਾ ਚੁੱਕੀ ਹੈ। ਇਸ ਦੀ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ।
ਅਮਰੀਕਾ ਦੇ ਟਰਾਂਸਪੋਰਟ ਸੈਕਟਰੀ ਸੀਨ ਡਫੀ ਨੇ ਕਿਹਾ ਕਿ ਅਮਰੀਕੀ ਟਰਾਂਸਪੋਰਟ ਲਾਅ ’ਚ ਸਾਰੇ ਟਰੱਕ ਡਰਾਈਵਰਾਂ ਦੇ ਲਈ ਅੰਗਰੇਜ਼ੀ ’ਚ ਟ੍ਰੈਫਿਕ ਨਿਯਮ ਪੜ੍ਹਨਾ ਅਤੇ ਅੰਗਰੇਜ਼ੀ ਬੋਲਣਾ ਜ਼ਰੂਰੀ ਹੈ ਅਤੇ ਇਸ ਤੋਂ ਬਿਨਾ ਲਾਇਸੈਂਸ ਨਹੀਂ ਮਿਲਦਾ। ਓਬਾਮਾ ਪ੍ਰਸ਼ਾਸਨ ’ਚ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਕਾਰਨ ਅੰਗਰੇਜ਼ੀ ਟੈਸਟ ’ਚ ਫੇਲ੍ਹ ਹੋਣ ਵਾਲੇ ਡਰਾਈਵਰਾਂ ਨੂੰ ਵੀ ਲਾਇਸੈਂਸ ਮਿਲ ਗਏ।
ਡਫੀ ਨੇ ਕਿਹਾ ਕਿ ਅਮਰੀਕਾ ’ਚ ਵਧ ਰਹੇ ਟਰੱਕ ਹਾਦਸਿਆਂ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ 25 ਜੂਨ 2025 ਤੋਂ ਅੰਗਰੇਜ਼ੀ ਦਾ ਟੈਸਟ ਜ਼ਰੂਰ ਕਰ ਦਿੱਤਾ ਹੈ। ਨਵੀਂ ਪਾਲਿਸੀ ਦੇ ਤਹਿਤ ਹੁਣ ਅਮਰੀਕਾ ਪੁਲਿਸ ਸੜਕ ’ਤੇ ਹੀ ਡਰਾਈਵਰਾਂ ਦਾ ਮੌਕੇ ’ਤੇ ਟੈਸਟ ਲੈ ਰਹੀ ਹੈ। ਅੰਗਰੇਜ਼ੀ ਨਾ ਬੋਲ ਪਾਉਣ ਵਾਲੇ ਟਰੱਕ ਡਰਾਈਵਰਾਂ ਨੂੰ ਤੁਰੰਤ ਟਰੱਕ ਤੋਂ ਉਤਾਰ ਦਿੱਤਾ ਜਾਂਦਾ ਹੈ।
ਡਫੀ ਨੇ ਅੱਗੇ ਦੱਸਿਆ ਕਿ ਅੰਗਰੇਜ਼ੀ ਬੋਲਣ ਦੀ ਸ਼ਰਤ ਦਾ ਕੈਲੀਫੋਰਨੀਆ ਸਟੇਟ ਨੇ ਵਿਰੋਧ ਕੀਤਾ ਸੀ ਅਤੇ ਉਥੇ ਕਮਰਸ਼ੀਅਲ ਲਾਇਸੈਂਸ ਲਈ ਅੰਗਰੇਜ਼ੀ ਜ਼ਰੂਰੀ ਨਹੀਂ ਹੈ। ਅੰਗਰੇਜ਼ੀ ਦਾ ਟੈਸਟ ਤਾਂ ਹੁੰਦਾ ਹੈ, ਪਰ ਥੋੜ੍ਹੀ ਬਹੁਤ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਲਾਇਸੈਂਸ ਮਿਲ ਜਾਂਦਾ ਹੈ। ਇਸ ਕਰਕੇ ਜ਼ਿਆਦਾਤਰ ਭਾਰਤੀ ਕੈਲੀਫੋਰਨੀਆ ਤੋਂ ਹੀ ਲਾਇਸੈਂਸ ਹਾਸਲ ਕਰਦੇ ਹਨ।
