ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਕਲ
ਲਾਹੌਰ/ਸਾਹ : ਮੌਜੂਦਾ ਸਮੇਂ ਦੁਨੀਆ ਭਰ ਦੇ ਕਈ ਦੇਸ਼ਾਂ ਭਾਰੀ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਨੇ,, ਪਰ ਗੁਆਂਢੀ ਦੇਸ਼ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਚ ਪ੍ਰਦੂਸ਼ਣ ਇੰਨਾ ਜ਼ਿਆਦਾ ਵਧ ਚੁੱਕਿਆ ਏ ਕਿ ਉਥੇ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਏ। ਇਸੇ ਹਾਲਤ ਦੇ ਚਲਦਿਆਂ ਲਾਹੌਰ ਨੂੰ ਦੁਨੀਆ ਦਾ ਦੂਜਾ ਸਭ ਤੋਂ ਪ੍ਰਦੂਸ਼ਤ ਸ਼ਹਿਰ ਦਰਜ ਕੀਤਾ ਗਿਆ ਏ। ਦੇਖੋ, ਪੂਰੀ ਖ਼ਬਰ।
ਭਾਵੇਂ ਕਿ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਕਾਫ਼ੀ ਜ਼ਿਆਦਾ ਵਧਿਆ ਹੋਇਆ ਏ ਪਰ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੀ ਹਵਾ ਇੰਨੀ ਜ਼ਿਆਦਾ ਜ਼ਹਿਰੀਲੀ ਹੋ ਚੁੱਕੀ ਐ ਕਿ ਉਥੇ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਏ। ਇਸ ਪ੍ਰਦੂਸ਼ਣ ਦਾ ਅਸਰ ਲੋਕਾਂ ਦੀ ਸਿਹਤ ’ਤੇ ਪੈ ਰਿਹਾ ਏ। ਇਕ ਰਿਪੋਰਟ ਮੁਤਾਬਕ ਲਾਹੌਰ ਵਿਚ ਏਕਿਊਆਈ ਪੱਧਰ 396 ਦਰਜ ਕੀਤਾ ਗਿਆ ਏ, ਜਦਕਿ ਲਹਿੰਦੇ ਪੰਜਾਬ ਦੇ ਹੋਰ ਕਈ ਹਿੱਸਿਆਂ ਵਿਚ ਵੀ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਬਣੀ ਹੋਈ ਐ। ਰਿਪੋਰਟ ਦੇ ਮੁਤਾਬਕ ਫੈਸਲਾਬਾਦ ਪਾਕਿਸਤਾਨ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਹੋਇਆ ਏ, ਜਿੱਥੇ ਹਵਾ ਗੁਣਵੱਤਾ ਸੂਚਕਅੰਕ 571 ਦਰਜ ਕੀਤਾ ਗਿਆ, ਜਦਕਿ ਗੁੱਜਰਾਂਵਾਲਾ ਦਾ ਹਵਾ ਗੁਣਵੱਤਾ ਸੂਚਕਅੰਕ 396 ਰਿਹਾ। ਇਸੇ ਤਰ੍ਹਾਂ ਮੁਲਤਾਨ ਦਾ ਏਕਿਊਆਈ 257 ਦਰਜ ਕੀਤਾ ਗਿਆ।
ਦਰਅਸਲ ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸਰਦੀਆਂ ਦੇ ਸ਼ੁਰੂ ਵਿਚ ਲਹਿੰਦੇ ਪੰਜਾਬ ਵਿਚ ਸਮੌਗ ਅਤੇ ਹਵਾ ਪ੍ਰਦੂਸ਼ਣ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ। ਘੱਟ ਤਾਪਮਾਨ, ਫੌਗ, ਵਾਹਨਾਂ ਦਾ ਧੂੰਆਂ ਅਤੇ ਪਰਾਲੀ ਜਲਾਉਣ ਨਾਲ ਹਵਾ ਵਿਚ ਪ੍ਰਦੂਸ਼ਕ ਤੱਤਾਂ ਦੀ ਮਾਤਰਾ ਖ਼ਤਰਨਾਕ ਪੱਧਰ ’ਤੇ ਪਹੁੰਚ ਜਾਂਦੀ ਐ। ਇਕ ਸਮੇਂ ਲਾਹੌਰ ਸ਼ਹਿਰ ਦੀ ਹਵਾ ਵਿਸ਼ਵ ਸਿਹਤ ਸੰਗਠਨ ਦੇ ਸਵੱਛ ਮੰਨੇ ਜਾਣ ਵਾਲੇ ਪੱਧਰ ਤੋਂ 80 ਗੁਣਾ ਜ਼ਿਆਦਾ ਪ੍ਰਦੂਸ਼ਿਤ ਦਰਜ ਕੀਤੀ ਗਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਵੱਲੋਂ ਆਮ ਜਨਤਾ ਨੂੰ ਜ਼ਹਿਰੀਲੇ ਪ੍ਰਦੂਸ਼ਣ ਅਤੇ ਸਿਹਤ ਸਮੱਸਿਆਵਾਂ ਦੇ ਪ੍ਰਤੀਕੂਲ ਪ੍ਰਭਾਵ ਤੋਂ ਬਚਾਉਣ ਲਈ ਸਕੂਲ ਬੰਦ ਕਰ ਦਿੱਤੇ ਗਏ ਨੇ, ਜਦਕਿ ਖਾਣ ਪੀਣ ਦੀਆਂ ਥਾਵਾਂ ਅਤੇ ਬਜ਼ਾਰਾਂ ਦੇ ਸਮੇਂ ’ਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਨੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਤੋਂ ਘੱਟ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਐ। ਇਸ ਤੋਂ ਇਲਾਵਾ ਲੋਕਾਂ ਨੂੰ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣ, ਘਰਾਂ ਦੀਆਂ ਖਿੜਕੀਆਂ ਬੰਦ ਕਰਨ ਅਤੇ ਏਅਰ ਪਿਊਰੀਫਾਇਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਐ।
