
ਲੋਕਾਂ ਨੂੰ ਖਾਣ-ਪੀਣ ਦੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਰਾਫਾ (ਗਾਜ਼ਾਪੱਟੀ): ਗਾਜ਼ਾ ਪੱਟੀ ’ਚ ਲੰਮੇ ਸਮੇਂ ਤੋਂ ਸੰਚਾਰ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਟੈਲੀਫੋਨ ਅਤੇ ਇੰਟਰਨੈੱਟ ਕੁਨੈਕਸ਼ਨ ਕੱਟ ਦਿਤੇ ਗਏ ਹਨ ਅਤੇ ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਿਨਾਂ ’ਚ ਭੋਜਨ ਦੀ ਕਮੀ ਹੋਰ ਵਧ ਗਈ ਹੈ। ਇੰਟਰਨੈੱਟ ਸੁਲਭਤਾ ਲਈ ਕੰਮ ਕਰਨ ਵਾਲੇ ਸਮੂਹ ਨੈੱਟਬਲਾਕਸ ਮੁਤਾਬਕ ਵੀਰਵਾਰ ਨੂੰ ਇੰਟਰਨੈੱਟ ਅਤੇ ਟੈਲੀਫੋਨ ਲਾਈਨਾਂ ਬੰਦ ਸਨ ਅਤੇ ਸ਼ਨਿਚਰਵਾਰ ਨੂੰ ਵੀ ਸੇਵਾਵਾਂ ਬਹਾਲ ਨਹੀਂ ਹੋ ਸਕੀਆਂ।
ਸਮੂਹ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਸਹਾਇਤਾ ਪਹੁੰਚਾਉਣ ਅਤੇ ਬਚਾਅ ਕਾਰਜਾਂ ’ਚ ਰੁਕਾਵਟਾਂ ਆ ਰਹੀਆਂ ਹਨ। ਗਾਜ਼ਾ ਦੇ ਸੱਤਾਧਾਰੀ ਅਤਿਵਾਦੀ ਸਮੂਹ ਹਮਾਸ ਵਿਰੁਧ ਇਜ਼ਰਾਈਲ ਦੀ ਜੰਗ 11ਵੇਂ ਹਫਤੇ ਵੀ ਜਾਰੀ ਹੈ। Netblocks.org ਦੇ ਨਿਰਦੇਸ਼ਕ ਐਲਪ ਟੋਕਰ ਨੇ ਕਿਹਾ ਕਿ ਦੋ ਮਹੀਨਿਆਂ ਤੋਂ ਵੱਧ ਸਮੇਂ ਦੀ ਲੜਾਈ ਵਿਚ ‘ਇੰਟਰਨੈੱਟ ਸੇਵਾਵਾਂ ਅਜੇ ਵੀ ਚਾਲੂ ਨਹੀਂ ਹੋਈਆਂ ਹਨ ਅਤੇ ਸਾਡੇ ਰੀਕਾਰਡ ਦੇ ਆਧਾਰ ’ਤੇ ਇਹ ਸਭ ਤੋਂ ਲੰਮੀ ਘਟਨਾ ਹੈ।’
ਸੰਯੁਕਤ ਰਾਸ਼ਟਰ ਦੇ ਮਨੁੱਖਤਾਵਾਦੀ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਦੱਖਣ ਵਿਚ ਦੂਰਸੰਚਾਰ ਲਾਈਨਾਂ ਨੂੰ ਨੁਕਸਾਨ ਪਹੁੰਚਣ ਕਾਰਨ ਗਾਜ਼ਾ ਨਾਲ ਸੰਚਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ’ਤੇ ਬੇਮਿਸਾਲ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਇਜ਼ਰਾਈਲ ਨੇ ਹਮਲਾ ਕੀਤਾ ਅਤੇ ਉੱਤਰੀ ਗਾਜ਼ਾ ’ਚ ਭਾਰੀ ਤਬਾਹੀ ਮਚਾਈ। ਉੱਥੇ 23 ਲੱਖ ਲੋਕਾਂ ’ਚੋਂ 85 ਫੀ ਸਦੀ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ। ਵਿਸਥਾਪਤ ਲੋਕਾਂ ਨੇ ਦੱਖਣ ’ਚ ਪਨਾਹਗਾਹਾਂ ’ਚ ਪਨਾਹ ਲਈ ਹੈ ਅਤੇ ਮਨੁੱਖੀ ਸੰਕਟ ਵਧਦਾ ਜਾ ਰਿਹਾ ਹੈ।