
ਦਹਾਕਿਆਂ ਤਕ ਪੁਲਿਸ ਤੋਂ ਬਚਿਆ ਰਿਹਾ ਮੇਸੀਨਾ ਡੇਨਾਰੋ ਲੰਬੇ ਸਮੇਂ ਤੋਂ ਚੋਟੀ ਦੇ ਤਿੰਨ ਭਗੌੜਿਆਂ ਵਿਚੋਂ ਆਖ਼ਰੀ ਸੀ...
ਰੋਮ: ਇਟਲੀ ਦੇ ਖ਼ਤਰਨਾਕ ਅਪਰਾਧੀ ਅਤੇ ਮਾਫ਼ੀਆ ਬੌਸ ਮੈਟਿਓ ਮੇਸੀਨਾ ਡੇਨਾਰੋ ਨੂੰ ਸੋਮਵਾਰ ਨੂੰ ਸਿਸਲੀ ਦੇ ਪਲੇਰਮੋ ਵਿਚ ਇਕ ਨਿੱਜੀ ਕਲੀਨਿਕ ਤੋਂ 30 ਸਾਲ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਇਟਾਲੀਅਨ ਅਰਧ ਸੈਨਿਕ ਪੁਲਿਸ ਬਲ ਨੇ ਇਹ ਜਾਣਕਾਰੀ ਦਿਤੀ। ਪੁਲਸ ਬਲ ਦੀ ਵਿਸ਼ੇਸ਼ ਆਪ੍ਰੇਸ਼ਨ ਟੀਮ ਦੇ ਮੁਖੀ ਕਾਰਬਿਨਿਏਰੀ ਜਨਰਲ ਪਾਸਕੁਏਲ ਐਂਜਲੋਸਾਂਟੋ ਨੇ ਕਿਹਾ ਕਿ ਮੇਸੀਨਾ ਡੇਨਾਰੋ ਨੂੰ ਇਕ ਕਲੀਨਿਕ ਵਿਚ ਫੜਿਆ ਗਿਆ, ਜਿਥੇ ਉਸ ਦਾ ਕਿਸੇ ਅਣਜਾਣ ਬਿਮਾਰੀ ਲਈ ਇਲਾਜ ਕੀਤਾ ਜਾ ਰਿਹਾ ਸੀ।
ਸਟੇਟ ਇਟਾਲੀਅਨ ਟੈਲੀਵਿਜ਼ਨ ਨੇ ਦਸਿਆ ਕਿ ਮੈਸੀਨਾ ਡੇਨਾਰੋ ਨੂੰ ਗ੍ਰਿਫ਼ਤਾਰੀ ਤੋਂ ਤੁਰਤ ਬਾਅਦ ਪੁਲਿਸ ਉਸ ਨੂੰ ਇਕ ਗੁਪਤ ਟਿਕਾਣੇ ’ਤੇ ਲੈ ਗਈ। ਜਦੋਂ ਮੇਸੀਨਾ ਫ਼ਰਾਰ ਹੋਇਆ ਸੀ ਉਦੋਂ ਉਹ ਜਵਾਨ ਸੀ। ਹੁਣ ਉਸ ਦੀ ਉਮਰ 60 ਸਾਲ ਹੈ। ਪਛਮੀ ਸਿਸਲੀ ਦੇ ਬੰਦਰਗਾਹ ਸ਼ਹਿਰ ਟਰੈਪਾਨੀ ’ਤੇ ਦਬਦਬਾ ਰੱਖਣ ਵਾਲੇ ਮੇਸੀਨਾ ਡੇਨਾਰੋ ਨੂੰ ਭਗੌੜਾ ਹੋਣ ਦੇ ਬਾਵਜੂਦ ਸਿਸਲੀ ਦਾ ਚੋਟੀ ਦਾ ਮਾਫ਼ੀਆ ਕਿੰਗਪਿਨ ਮੰਨਿਆ ਜਾਂਦਾ ਸੀ।
ਦਹਾਕਿਆਂ ਤਕ ਪੁਲਿਸ ਤੋਂ ਬਚਿਆ ਰਿਹਾ ਮੇਸੀਨਾ ਡੇਨਾਰੋ ਲੰਬੇ ਸਮੇਂ ਤੋਂ ਚੋਟੀ ਦੇ ਤਿੰਨ ਭਗੌੜਿਆਂ ਵਿਚੋਂ ਆਖ਼ਰੀ ਸੀ, ਜੋ ਅਜੇ ਤਕ ਕਾਨੂੰਨ ਦੀ ਪਕੜ ਤੋਂ ਬਾਹਰ ਸੀ। ਡੇਨਾਰੋ ਦੀ ਗ਼ੈਰਹਾਜ਼ਰੀ ਵਿਚ ਉਸ ’ਤੇ ਮੁਕੱਦਮਾ ਚਲਾਇਆ ਗਿਆ ਸੀ ਅਤੇ ਦਰਜਨਾਂ ਕਤਲਾਂ ਦੇ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ ਕਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਡੇਨਾਰੋ ਨੇ 1992 ਵਿਚ ਸਿਸਲੀ ਵਿਚ ਦੋ ਬੰਬ ਧਮਾਕੇ ਕੀਤੇ, ਜਿਸ ਵਿਚ ਉਸ ਦੇ ਵਿਰੋਧੀ ਵਕੀਲ ਜਿਓਵਨੀ ਫ਼ਾਲਕੋਨ ਅਤੇ ਪਾਓਲੋ ਬੋਰਸੇਲੀਨੋ ਦੀ ਮੌਤ ਹੋ ਗਈ ਸੀ।