
ਅਮਰੀਕਾ : ਕੈਨੇਡਾ ਕਰ ਕੇ ਸਾਨੂੰ ਬਹੁਤ ਕੁੱਝ ਗੁਆਉਣਾ ਪਿਆ
ਵਾਸ਼ਿੰਗਟਨ : ਬੁਧਵਾਰ ਨੂੰ ਮਿਸੋਰੀ 'ਚ ਇਕ ਭਾਸ਼ਣ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਈ ਮੁਲਾਕਾਤ ਦੇ ਤੱਥ ਸਾਹਮਣੇ ਲਿਆਂਦੇ ਹਨ। ਇਹ ਖੁਲਾਸਾ ਇਕ ਅੰਗ੍ਰੇਜ਼ੀ ਅਖਬਾਰ 'ਚ ਕਈ ਰਿਕਾਰਡਿੰਗਾਂ ਦੇ ਆਧਾਰ 'ਤੇ ਕੀਤਾ ਗਿਆ ਹੈ।
ਅਖ਼ਬਾਰ ਵਲੋਂ ਅਪਣੀ ਵੈੱਬਸਾਈਟ 'ਤੇ ਪੋਸਟ ਕੀਤੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਟਰੰਪ ਨੇ ਟਰੂਡੋ ਨੂੰ ਇਹ ਗੱਲ ਜ਼ੋਰ ਦੇ ਕੇ ਕਹੀ ਸੀ ਕਿ ਅਮਰੀਕਾ ਨੂੰ ਅਪਣੇ ਉੱਤਰੀ ਹਿੱਸੇ 'ਚ ਮੌਜੂਦ ਗੁਆਂਢੀ ਨਾਲ ਕਾਰੋਬਾਰੀ ਘਾਟੇ 'ਚੋਂ ਲੰਘਣਾ ਪੈ ਰਿਹਾ ਹੈ। ਰਿਕਾਰਡਿੰਗ 'ਚ ਟਰੰਪ ਨੇ ਇਹ ਵੀ ਕਿਹਾ ਕਿ ਟਰੂਡੋ ਨੇ ਉਸ ਨੂੰ ਦਸਿਆ ਕਿ ਕੈਨੇਡਾ ਨਾਲ ਅਮਰੀਕਾ ਨੂੰ ਕੋਈ ਵਪਾਰਕ ਘਾਟਾ ਨਹੀਂ ਪੈ ਰਿਹਾ। ਇਸ 'ਤੇ ਟਰੰਪ ਨੇ ਟਰੂਡੋ ਨੂੰ ਆਖਿਆ ਕਿ ਉਹ ਨਹੀਂ ਜਾਣਦੇ ਕਿ ਅਜਿਹਾ ਕੁੱਝ ਹੈ ਵੀ ਜਾਂ ਨਹੀਂ।
ਰਾਸ਼ਟਰਪਤੀ ਨੇ ਕਿਹਾ ਕਿ ਫਿਰ ਉਨ੍ਹਾਂ ਅਪਣੇ ਇਕ ਖ਼ਾਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਦੇ ਦਾਅਵੇ ਨੂੰ ਜਾਂਚਣ ਲਈ ਭੇਜਿਆ। ਟਰੰਪ ਨੇ ਫਿਰ ਰਿਕਾਰਡਿੰਗ 'ਚ ਕਿਹਾ ਕਿ ਉਹ ਸਹੀ ਕਹਿ ਰਹੇ ਹਨ। ਸਾਨੂੰ ਕੋਈ ਘਾਟਾ ਨਹੀਂ ਪਿਆ ਹੈ ਪਰ ਜਦੋਂ ਐਨਰਜੀ ਅਤੇ ਟਿੰਬਰ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਾਲ ਦੇ 17 ਬਿਲੀਅਨ ਡਾਲਰ ਗੁਆ ਰਹੇ ਹਾਂ ਇਹ ਕਮਾਲ ਦੀ ਗੱਲ ਹੈ।
ਟਰੰਪ ਨਿਯਮਿਤ ਤੌਰ 'ਤੇ ਕੈਨੇਡਾ ਨਾਲ ਹੋ ਰਹੇ ਕਾਰੋਬਾਰ ਕਾਰਨ ਪੈਣ ਵਾਲੇ ਘਾਟੇ ਦਾ ਜ਼ਿਕਰ ਕਰਦੇ ਰਹੇ ਹਨ। ਪਿਛਲੇ ਸਾਲ ਫਰਵਰੀ 'ਚ ਵੀ ਉਨ੍ਹਾਂ ਕਿਹਾ ਸੀ ਕਿ ਕੈਨੇਡਾ ਕਰਕੇ ਸਾਨੂੰ ਕਾਫ਼ੀ ਕੁੱਝ ਗੁਆਉਣਾ ਪਿਆ ਲੋਕਾਂ ਨੂੰ ਇਸ ਗੱਲ ਬਾਰੇ ਨਹੀਂ ਪਤਾ ਪਰ ਸਾਲ 2018 'ਚ ਵ੍ਹਾਈਟ ਹਾਊਸ 'ਚ ਜਾਰੀ ਕੀਤੀ ਗਈ ਇਕਨਾਮਿਕ ਰਿਪੋਰਟ "ਆਫ਼ ਦਿ ਪ੍ਰੈਜ਼ੀਡੈਂਟ" 'ਚ ਵੱਖਰੀ ਹੀ ਕਹਾਣੀ ਵੇਖਣ-ਸੁਣਨ ਨੂੰ ਮਿਲੀ। ਇਹ ਇਕ ਸਾਲਾਨਾ ਦਸਤਾਵੇਜ਼ ਹੈ ਜਿਹੜਾ ਟਰੰਪ ਦੀ ਅਪਣੀ ਟੀਮ ਵਲੋਂ ਤਿਆਰ ਕੀਤਾ ਗਿਆ ਹੈ। ਇਸ 'ਚ ਟਰੇਡ ਸਬੰਧੀ ਦਿਤੇ ਬਿਆਨਾਂ ਅਤੇ ਨੀਤੀਆਂ ਸਬੰਧੀ ਟਰੰਪ ਵਲੋਂ ਦਿਤੇ ਬਿਆਨ 'ਤੇ ਦਿਤੀ ਗਈ ਜਾਣਕਾਰੀ ਨਾਲੋਂ ਕਾਫੀ ਵੱਖਰੇ ਹਨ।
ਹੁਣ ਇਸ ਦੀ ਇਕ ਮਿਸਾਲ ਇਹ ਹੈ ਕਿ ਟਰੰਪ ਹਮੇਸ਼ਾਂ ਇਹੋ ਕਹਿੰਦੇ ਰਹੇ ਹਨ ਕਿ ਅਮਰੀਕਾ ਦਾ ਕੈਨੇਡਾ ਨਾਲ ਵਪਾਰਕ ਘਾਟਾ ਚਲ ਰਿਹਾ ਹੈ ਪਰ ਜਿਨ੍ਹਾਂ ਦਸਤਾਵੇਜ਼ਾਂ 'ਤੇ ਉਨ੍ਹਾਂ ਵਲੋਂ ਦਸਤਖ਼ਤ ਕੀਤੇ ਗਏ ਹਨ ਉਨ੍ਹਾਂ 'ਚ ਇਹ ਸਾਫ਼ ਲਿਖਿਆ ਹੈ ਕਿ ਕੈਨੇਡਾ ਅਜਿਹੇ ਕੁੱਝ ਦੇਸ਼ਾਂ 'ਚੋਂ ਇਕ ਹੈ ਜਿਸ ਨਾਲ ਅਮਰੀਕਾ ਦਾ 2.6 ਬਿਲੀਅਨ ਡਾਲਰ ਦਾ ਟਰੇਡ ਸਰਪਲਸ ਹੈ।