
'ਭਾਰਤ ਨਾਲੋਂ ਜ਼ਿਆਦਾ ਪਾਕਿਸਤਾਨ ਦੇ ਲੋਕ ਰਹਿੰਦੇ ਨੇ ਖੁਸ਼'
ਰੋਮ : ਸੰਯੁਕਤ ਰਾਸ਼ਟਰ ਨੇ ਬੁਧਵਾਰ ਨੂੰ ਸਾਲ 2018 ਲਈ 'ਵਰਲਡ ਹੈੱਪੀਨੈਸ ਰਿਪੋਰਟ' ਜਾਰੀ ਕੀਤੀ ਹੈ। ਰਿਪੋਰਟ ਵਿਚ ਸ਼ਾਮਿਲ 156 ਦੇਸ਼ਾਂ ਵਿਚ ਯੂਰਪੀ ਦੇਸ਼ ਫਿਨਲੈਂਡ ਨਾਰਵੇ ਨੂੰ ਪਛਾੜ ਕੇ ਦੁਨੀਆਂ ਦਾ ਸੱਭ ਤੋਂ ਖੁਸ਼ਹਾਲ ਦੇਸ਼ ਬਣ ਗਿਆ ਹੈ ਪਰ ਇਸ ਮਾਮਲੇ ਵਿਚ ਭਾਰਤ ਦੀ ਹਾਲਤ ਹੋਰ ਖ਼ਰਾਬ ਹੈ। ਪਿਛਲੇ ਸਾਲ ਉਹ 122ਵਾਂ ਸੱਭ ਤੋਂ ਖੁਸ਼ਹਾਲ ਦੇਸ਼ ਸੀ। ਇਸ ਵਾਰ 11 ਸਥਾਨ ਹੇਠਾਂ ਖਿਸਕ ਕੇ 133ਵੇਂ ਸਥਾਨ 'ਤੇ ਆ ਗਿਆ। SAARC ਦੇਸ਼ਾਂ ਵਿਚ ਅਫ਼ਗਾਨਿਸਤਾਨ ਦੇ ਬਾਅਦ ਸੱਭ ਤੋਂ ਘਟ ਖੁਸ਼ਹਾਲ ਦੇਸ਼ ਭਾਰਤ ਹੈ।
ਪਾਕਿਸਤਾਨ ਅਤੇ ਚੀਨ ਤੋਂ ਵੀ ਪਿਛੇ ਭਾਰਤ
ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਹਲ਼ ਨੈੱਟਵਰਕ (ਐਸਡੀਐਸਐਨ) ਦੀ 2018 ਵਰਲਡ ਹੈੱਪੀਨੈਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖੁਸ਼ਹਾਲੀ ਦੇ ਮਾਮਲੇ ਵਿਚ ਭਾਰਤ ਦੀ ਹਾਲਤ ਦੱਖਣੀ ਏਸ਼ੀਆ ਖੇਤਰੀ ਸਹਿਯੋਗ ਸੰਘ ਦੇਸ਼ਾਂ ਅਤੇ ਚੀਨ ਨਾਲੋਂ ਵੀ ਮਾੜੀ ਹੈ। 156 ਦੇਸ਼ਾਂ ਵਿਚ ਭਾਰਤ 133ਵਾਂ ਸੱਭ ਤੋਂ ਖੁਸ਼ਹਾਲ ਦੇਸ਼ ਹੈ ਜਦੋਂ ਕਿ ਉਸ ਦੇ ਗੁਆਂਢੀ ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀ ਹਾਲਤ ਕਿਤੇ ਬਿਹਤਰ ਹੈ। ਪਾਕਿਸਤਾਨ 75ਵਾਂ ਸੱਭ ਤੋਂ ਖੁਸ਼ਹਾਲ ਦੇਸ਼ ਹੈ ਤਾਂ ਸ਼੍ਰੀਲੰਕਾ 116ਵੇਂ ਅਤੇ ਬੰਗਲਾਦੇਸ਼ 115ਵੇਂ ਸਥਾਨ 'ਤੇ ਹੈ। ਪਿਛਲੇ ਸਾਲ ਭਾਰਤ ਦੀ ਹਾਲਤ ਜ਼ਿਆਦਾ ਵਧੀਆ ਸੀ। ਉਹ ਪਿਛਲੇ ਸਾਲ 155 ਦੇਸ਼ਾਂ ਵਿਚ 122ਵੇਂ ਸਥਾਨ 'ਤੇ ਸੀ।
ਪਾਕਿਸਤਾਨ ਦੀ ਹਾਲਤ ਸੁਧਰੀ
ਦੂਜੇ ਪਾਸੇ ਇਸ ਸਾਲ ਪਾਕਿਸਤਾਨ ਦੀ ਹਾਲਤ ਪੰਜ ਡਿਗਰੀ ਸੁਧਰੀ ਹੈ। ਨੇਪਾਲ (101) ਅਤੇ ਭੁਟਾਨ (97) ਵੀ ਭਾਰਤ ਨਾਲੋ ਅੱਗੇ ਹਨ। ਸਿਰਫ਼ ਅਫ਼ਗਾਨਿਸਤਾਨ ਹੀ ਭਾਰਤ ਤੋਂ ਹੇਠਾਂ 145ਵੇਂ ਸਥਾਨ 'ਤੇ ਹੈ। ਦੂਜੇ ਪਾਸੇ ਚੀਨ 86ਵੇਂ ਸਥਾਨ 'ਤੇ ਹੈ ਅਤੇ ਭਾਰਤ ਨਾਲੋਂ ਕਿਤੇ ਜ਼ਿਆਦਾ ਖੁਸ਼ਹਾਲ ਹੈ। ਇਹ ਹਨ ਸੱਭ ਤੋਂ ਖੁਸ਼ਹਾਲ 10 ਦੇਸ਼ ਫਿਨਲੈਂਡ, ਨਾਰਵੇ, ਡੇਨਮਾਰਕ, ਆਇਸਲੈਂਡ, ਸਵਿਟਜ਼ਰਲੈਂਡ, ਨੀਦਰਲੈਂਡ, ਕੈਨੇਡਾ, ਨਿਊਜ਼ੀਲੈਂਡ, ਸਵੀਡਨ ਅਤੇ ਆਸਟਰੇਲੀਆ। ਪਿਛਲੇ ਸਾਲ ਫਿਨਲੈਂਡ ਪੰਜਵੇਂ ਸਥਾਨ 'ਤੇ ਸੀ।
ਫਿਨਲੈਂਡ ਇਸ ਲਈ ਪਹਿਲੇ ਸਥਾਨ 'ਤੇ : ਕੁਦਰਤ, ਸੁਰੱਖਿਆ, ਬੱਚਿਆਂ ਦੀ ਦੇਖਭਾਲ, ਚੰਗੇ ਸਕੂਲ ਅਤੇ ਮੁਫ਼ਤ ਇਲਾਜ ਦੇਸ਼ ਦੇ ਲੋਕਾਂ ਨੂੰ ਖੁਸ਼ਹਾਲ ਰੱਖਦੇ ਹਨ।
ਇਹ ਹਨ ਸੱਭ ਤੋਂ ਘੱਟ ਖੁਸ਼ਹਾਲ ਦੇਸ਼ : ਬਰੂਨੇਈ, ਸੈਂਟਰਲ ਅਫ਼ਰੀਕਨ ਰਿਪਬਲਿਕ, ਦੱਖਣ ਸੂਡਾਨ, ਤੰਜਾਨਿਆ, ਯਮਨ, ਰਵਾਂਡਾ ਅਤੇ ਸੀਰੀਆ।
ਅਮੀਰ ਅਮਰੀਕਾ ਅਤੇ ਦੁਖੀ ਅਮਰੀਕਾ
ਪਿਛਲੇ ਸਾਲ 14ਵਾਂ ਸੱਭ ਤੋਂ ਖੁਸ਼ਹਾਲ ਦੇਸ਼ ਸੀ। ਇਸ ਵਾਰ ਖਿਸਕ ਕੇ 18ਵੇਂ ਸਥਾਨ 'ਤੇ ਆ ਗਿਆ ਹੈ। ਬ੍ਰਿਟੇਨ 19ਵੇਂ ਅਤੇ ਸੰਯੁਕਤ ਅਰਬ ਅਮੀਰਾਤ 20ਵੇਂ ਸਥਾਨ 'ਤੇ ਹੈ। ਅਮਰੀਕਾ ਵਿਚ ਮੋਟਾਪਾ, ਉਦਾਸ ਅਤੇ ਨਸ਼ੀਲੀ ਦਵਾਈਆਂ ਦੀ ਵਰਤੋਂ ਵਰਗੀਆਂ ਸਮੱਸਿਆਵਾਂ ਹੋਰ ਦੇਸ਼ਾਂ ਦੀ ਤੁਲਨਾ ਵਿਚ ਤੇਜ਼ੀ ਨਾਲ ਵਧੀਆਂ ਹਨ। ਰਿਪੋਰਟ ਵਿਚ ਅਮਰੀਕਾ ਬਾਰੇ ਕਿਹਾ ਗਿਆ ਹੈ ਕਿ ਉਹ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਪਰ ਖੁਸ਼ਹਾਲੀ ਘੱਟ ਹੁੰਦੀ ਜਾ ਰਹੀ ਹੈ।
ਖੁਸ਼ਹਾਲੀ ਦੀ ਰੈਂਕਿੰਗ ਦੇ ਆਧਾਰ : ਰਿਪੋਰਟ ਵਿਚ ਲੋਕਾਂ ਦੀ ਪ੍ਰਤੀ ਵਿਅਕਤੀ ਕਮਾਈ, ਸਮਾਜਕ ਸਮਰਥਨ, ਸਮਾਜਕ ਆਜ਼ਾਦੀ, ਭਰੋਸਾ, ਭ੍ਰਿਸ਼ਟਾਚਾਰ ਦੀ ਗ਼ੈਰ ਹਾਜ਼ਰੀ ਅਤੇ ਉਦਾਰਤਾ ਨੂੰ ਖੁਸ਼ਹਾਲੀ ਦਾ ਆਧਾਰ ਬਣਾਇਆ ਗਿਆ ਹੈ।
ਅਪ੍ਰਵਾਸੀਆਂ ਲਈ ਵੀ ਰੈਂਕਿੰਗ
ਇਸ ਵਾਰ ਰਿਪੋਰਟ ਵਿਚ ਅਪ੍ਰਵਾਸੀਆਂ ਲਈ ਦੁਨੀਆਂ ਦੇ ਸੱਭ ਤੋਂ ਜਿਆਦਾ ਖੁਸ਼ਹਾਲ ਦੇਸ਼ਾਂ ਦੀ ਵੀ ਸੂਚੀ ਜਾਰੀ ਕੀਤੀ ਗਈ ਹੈ। ਇਸ ਮਾਮਲੇ ਵਿਚ ਵੀ ਫਿਨਲੈਂਡ ਨੇ ਬਾਜੀ ਮਾਰੀ ਹੈ। ਫਿਨਲੈਂਡ ਅਪ੍ਰਵਾਸੀਆਂ ਲਈ ਵੀ ਸੱਭ ਤੋਂ ਖੁਸ਼ਹਾਲ ਦੇਸ਼ ਹੈ। 55 ਲੱਖ ਆਬਾਦੀ ਵਾਲੇ ਇਸ ਦੇਸ਼ ਵਿਚ ਤਿੰਨ ਲੱਖ ਵਿਦੇਸ਼ੀ ਰਹਿੰਦੇ ਹਨ।