
ਬ੍ਰਿਟਿਸ਼ ਭਾਰਤੀ ਸੰਸਦ ਬ੍ਰਿਟੇਨ ਦੇ ਸਕੂਲਾਂ 'ਚ ਪੜ੍ਹਾਉਣਾ ਚਾਹੁੰਦੇ ਨੇ 'ਜਲ੍ਹਿਆਂਵਾਲਾ ਬਾਗ਼ ਕਤਲੇਆਮ'
ਲੰਡਨ : ਭਾਰਤੀ ਮੂਲ ਦੇ ਸੀਨੀਅਰ ਬ੍ਰਿਟਿਸ਼ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੂੰ ਪੱਤਰ ਲਿਖ ਕੇ ਦੇਸ਼ ਦੇ ਸਕੂਲਾਂ 'ਚ ਇਤਿਹਾਸ ਦੇ ਕੋਰਸ 'ਚ ਜਲਿਆਂਵਾਲਾ ਬਾਗ ਹੱਤਿਆ ਕਾਂਡ ਨੂੰ ਸ਼ਾਮਲ ਕਰਨ ਨੂੰ ਕਿਹਾ ਹੈ।
ਇਲਿੰਗ ਸਾਉਥਬਾਲ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਿਰੇਂਦਰ ਸ਼ਰਮਾ ਬ੍ਰਿਟਿਸ਼ ਸਕੂਲਾਂ ਦੇ ਕੋਰਸਾਂ 'ਚ ਇਸ ਇਤਿਹਾਸਕ ਘਟਨਾ ਨੂੰ ਸ਼ਾਮਲ ਕੀਤੇ ਜਾਣ ਲਈ ਮੁਹਿੰਮ ਚਲਾ ਰਹੇ ਹਨ ਤੇ ਬੁਧਵਾਰ ਨੂੰ ਉਨ੍ਹਾਂ ਹਾਊਸ ਆਫ਼ ਕਾਮਨਸ 'ਚ ਪ੍ਰਧਾਨ ਮੰਤਰੀ ਤੋਂ ਸਵਾਲਾਂ ਦੌਰਾਨ ਇਹ ਮੁੱਦਾ ਚੁੱਕਿਆ। ਉਨ੍ਹਾਂ ਨੂੰ ਥੇਰੇਸਾ ਮੇਅ ਵਲੋਂ ਇਸ ਸੰਬੰਧੀ ਲਿਖਤੀ ਜਵਾਬ ਦਾ ਭਰੋਸਾ ਮਿਲਿਆ ਸੀ।
ਉਨ੍ਹਾਂ ਕਿਹਾ, 'ਮੈਂ ਪ੍ਰਧਾਨ ਮੰਤਰੀ ਤੋਂ ਅੰਮ੍ਰਿਤਸਰ ਹਤਿਆਕਾਂਡ ਨੂੰ ਸ਼ਾਮਲ ਕੀਤੇ ਜਾਣ ਦੀ ਯੋਜਨਾ ਬਾਰੇ ਪੁਛਿਆ ਤੇ ਮੈਂ ਖੁਸ਼ ਹਾਂ ਕਿ ਉਹ ਬਹੁਤ ਧਿਆਨ ਨਾਲ ਇਸ ਮਾਮਲੇ ਨੂੰ ਦੇਖਣਗੇ।' ਉਨ੍ਹਾਂ ਕਿਹਾ, 'ਮੇਰਾ ਮੰਨਣਾ ਹੈ ਕਿ ਬ੍ਰਿਟੇਨ 'ਚ ਹਰ ਕੋਈ ਇਸ ਦੇਸ਼ ਦੀ ਹਕੂਮਤ ਦੀ ਵਿਰਾਸਤ ਤੋਂ ਜਾਣੂ ਹੈ ਤੇ ਸਕੂਲੀ ਬੱਚਿਆਂ ਨੂੰ ਸਾਡੇ ਇਤਿਹਾਸ ਦੇ ਪਹਿਲੂਆਂ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ।'