
ਸਿੱਖ ਤਾਂ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਵਿਰੁਧ ਪ੍ਰਦਰਸ਼ਨ ਕਰ ਰਹੇ ਸਨ : ਪਾਕਿਸਤਾਨੀ ਵਿਦੇਸ਼ ਵਿਭਾਗ
ਪਾਕਿਸਤਾਨ ਨੇ ਭਾਰਤ ਦੇ ਉਨ੍ਹਾਂ ਦੋਸ਼ਾਂ ਨੂੰ ਅੱਜ ਖ਼ਾਰਜ ਕਰ ਦਿਤਾ ਕਿ ਉਸ ਨੇ 'ਖ਼ਾਲਿਸਤਾਨ' ਦੇ ਮੁੱਦੇ 'ਤੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ।ਭਾਰਤ ਨੇ ਨਵੀਂ ਦਿੱਲੀ 'ਚ ਸਥਿਤ ਪਾਕਿਸਤਾਨ ਦੇ ਉਪ-ਹਾਈਕਮਿਸ਼ਨਰ ਨੂੰ ਕਲ ਸੰਮਨ ਕੀਤਾ ਸੀ ਅਤੇ ਪਾਕਿਸਤਾਨ ਦੀ ਯਾਤਰਾ ਦੌਰਾਨ ਸਿੱਖ ਸ਼ਰਧਾਲੂਆਂ ਨੂੰ ਖ਼ਾਲਿਸਤਾਨ ਦੇ ਮੁੱਦੇ 'ਤੇ ਭੜਕਾਉਣ ਦੀਆਂ ਕੋਸ਼ਿਸ਼ਾਂ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਸੀ। ਭਾਰਤ ਨੇ ਇਸਲਾਮਾਬਾਦ ਨੂੰ ਦੇਸ਼ ਦੀ ਖ਼ੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਨੂੰ ਘੱਟ ਕਰਨ ਦੇ ਮਕਸਦ ਵਾਲੀਆਂ ਅਜਿਹੀਆਂ ਗਤੀਵਿਧੀਆਂ ਨੂੰ ਤੁਰਤ ਬੰਦ ਕਰਨ ਲਈ ਕਿਹਾ। ਉਧਰ ਭਾਰਤ ਦੇ ਇਸ ਕਦਮ 'ਤੇ ਪ੍ਰਤੀਕਿਰਿਆ ਦਿੰਦਿਆਂ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਦਫ਼ਤਰ ਨੇ ਇਸ ਨੂੰ ਝੂਠ ਦਸਦਿਆਂ ਕਿਹਾ ਕਿ ਇਹ ਵਿਵਾਦ ਜਾਣਬੁੱਝ ਕੇ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਭਾਰਤ ਸਮੇਤ ਦੁਨੀਆਂ ਭਰ ਦੇ ਹਿੰਦੂ ਅਤੇ ਸਿੱਖ ਸ਼ਰਧਾਲੂਆਂ ਦਾ ਸਵਾਗਤ ਕਰਦਾ ਹੈ।
Sikh people in pakistan
ਸਿੱਖ ਸ਼ਰਧਾਲੂ ਵਿਸਾਖੀ ਅਤੇ ਖ਼ਾਲਸਾ ਜਨਮਦਿਹਾੜੇ ਦੇ ਜਸ਼ਨਾਂ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਹੋਏ ਹਨ। ਵਿਦੇਸ਼ ਵਿਭਾਗ ਦੇ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਨੇ ਦੇਸ਼ 'ਚ ਪਵਿੱਤਰ ਥਾਵਾਂ ਦੀ ਯਾਤਰਾ ਦੌਰਾਨ ਸਿੱਖ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਪ੍ਰਬੰਧ ਕੀਤੇ ਹਨ।ਉਨ੍ਹਾਂ ਕਿਹਾ ਕਿ ਸਿੱਖ ਭਾਰਤ 'ਚ ਇਕ ਵਿਵਾਦਤ ਫ਼ਿਲਮ ਵਿਖਾਏ ਜਾਣ ਲਈ ਭਾਰਤ ਸਰਕਾਰ ਵਿਰੁਧ ਪ੍ਰਦਰਸ਼ਨ ਕਰ ਰਹੇ ਸਨ ਜੋ ਕਿ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਢਾਹ ਲਾਉਂਦੀ ਹੈ। ਉਨ੍ਹਾਂ ਕਿਹਾ ਇਹ ਪ੍ਰਦਰਸ਼ਨ ਸਿੱਖਾਂ ਦੇ ਪਾਕਿਸਤਾਨ 'ਚ ਪੁੱਜਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਸਨ। (ਪੀਟੀਆਈ)