
ਅੰਦਰੂਨੀ ਦਸਤਾਵੇਜ਼ 'ਚ ਹੋਇਆ ਪ੍ਰਗਟਾਵਾ
ਬੀਜਿੰਗ, 16 ਅਪ੍ਰੈਲ: ਚੀਨ ਦੀ ਸਿਖਰਲੀ ਸਿਹਤ ਏਜੰਸੀ ਨੇ 14 ਜਨਵਰੀ ਨੂੰ ਸੂਬਾਈ ਅਧਿਕਾਰੀਆਂ ਨੂੰ ਦੱਸ ਦਿਤਾ ਸੀ ਕਿ ਨਵੇਂ ਕੋਰੋਨਾ ਵਾਇਰਸ ਕਾਰਨ ਚੀਨ ਵਿਚ ਉਹ ਮਹਾਮਾਰੀ ਜਿਹੀ ਹਾਲਤ ਦਾ ਸਾਹਮਣਾ ਕਰ ਰਹੇ ਹਨ ਪਰ ਸੂਬਾਈ ਅਧਿਕਾਰੀਆਂ ਛੇ ਦਿਨਾ ਤਕ ਲੋਕਾਂ ਨੂੰ ਚੌਕਸ ਨਹੀਂ ਕੀਤਾ। ਐਸੋਸੀਏਟਿਡ ਪ੍ਰੈਸ ਨੂੰ ਮਿਲੇ ਦਸਤਾਵੇਜ਼ਾਂ ਵਿਚ ਦਸਿਆ ਗਿਆ ਹੈ ਕਿ ਕੌਮੀ ਸਿਹਤ ਮਿਸ਼ਨ ਨੇ ਗੁਪਤ ਰੂਪ ਵਿਚ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਹੁਕਮ ਦਿਤੇ ਜਦਕਿ ਕੌਮੀ ਟੈਲੀਵਿਜ਼ਨ 'ਤੇ ਉਨ੍ਹਾਂ ਮਹਾਮਾਰੀ ਦੇ ਫੈਲਣ ਨੂੰ ਤਵੱਜੋ ਨਹੀਂ ਦਿਤੀ।
File photo
ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨੇ ਸਤਵੇਂ ਦਿਨ 20 ਜਨਵਰੀ ਨੂੰ ਲੋਕਾਂ ਨੂੰ ਚੌਕਸ ਕੀਤਾ। ਉਦੋਂ ਤਕ ਇਕ ਹਫ਼ਤੇ ਦੀ ਚੁੱਪ ਕਾਰਨ ਤਿੰਨ ਹਜ਼ਾਰ ਤੋਂ ਵੱਧ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਸਨ। ਅੰਦਰੂਨੀ ਦਸਤਾਵੇਜ਼ਾਂ ਮੁਤਾਬਕ ਰੋਗ ਕੰਟਰੋਲ ਕੇਂਦਰ ਨੇ ਸਥਾਨਕ ਅਧਿਕਾਰੀਆਂ ਕੋਲੋਂ ਪ੍ਰਾਪਤ ਕਿਸੇ ਮਾਮਲੇ ਨੂੰ ਦਰਜ ਨਹੀਂ ਕੀਤਾ, ਜਿਸ ਦੀ ਪੁਸ਼ਟੀ ਐਸੋਸੀਏਟਿਡ ਪ੍ਰੈਸ ਨੂੰ ਪ੍ਰਾਪਤ ਅੰਦਰੂਲੀ ਬੁਲੇਟਿਨ ਤੋਂ ਹੁੰਦੀ ਹੈ। ਪੰਜ ਜਨਵਰੀ ਤੋਂ 17 ਜਨਵਰੀ ਦੌਰਾਨ ਹਸਪਤਾਲਾਂ ਵਿਚ ਸੈਂਕੜੇ ਰੋਗੀ ਭਰਤੀ ਹੋ ਰਹੇ ਸਨ। ਨਾ ਸਿਰਫ਼ ਵੁਹਾਨ ਵਿਚ ਸਗੋਂ ਪੂਰੇ ਦੇਸ਼ ਵਿਚ ਅਜਿਹਾ ਹੋ ਰਿਹਾ ਸੀ।
ਵੁਹਾਨ ਵਿਚ ਡਾਕਟਰਾਂ ਅਤੇ ਨਰਸਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਈ ਸੰਕੇਤ ਹਨ ਕਿ ਦਸੰਬਰ ਦੇ ਅੰਤ ਤਕ ਕੋਰੋਨਾ ਵਾਇਰਸ ਲੋਕਾਂ ਵਿਚ ਫੈਲ ਗਿਆ ਸੀ ਪਰ ਅਧਿਕਾਰੀਆਂ ਨੇ ਮੈਡੀਕਲ ਸਟਾਫ਼ ਦੀ ਆਵਾਜ਼ ਦਬਾ ਦਿਤੀ। ਚਿਤਾਵਨੀ ਨੂੰ ਦਬਾਏ ਜਾਣ ਕਾਰਨ ਦੇਸ਼ ਦੇ ਸਿਖਰਲੇ ਆਗੂ ਹਨੇਰੇ ਵਿਚ ਰਹੇ। ਚੀਨ ਦੇ ਬਾਹਰ ਲਾਗ ਦਾ ਪਹਿਲਾ ਮਾਮਲਾ 13 ਜਨਵਰੀ ਨੂੰ ਥਾਈਲੈਂਡ ਵਿਚ ਆਇਆ ਜਿਸ ਨਾਲ ਚੀਨੀ ਆਗੂਆਂ ਨੂੰ ਮਹਾਮਾਰੀ ਦੀ ਸੰਭਾਵਨਾ ਦਾ ਅਹਿਸਾਸ ਹੋਇਆ। ਕੁੱਝ ਹਫ਼ਤਿਆਂ ਤਕ ਅਧਿਕਾਰੀ ਇਹੋ ਦੁਹਰਾਉਂਦੇ ਰਹੇ ਕਿ ਇਨਸਾਨ ਤੋਂ ਇਨਸਾਨ ਵਿਚ ਇਹ ਬੀਮਾਰੀ ਫੈਲਣ ਦਾ ਕੋਈ ਸਪੱਸ਼ਟ ਸਬੂਤ ਨਹੀਂ। (ਏਜੰਸੀ)