
ਸ਼ੌਕਤ ਤਰੀਨ ਹੱਮਾਦ ਅਜ਼ਹਰ ਦੀ ਥਾਂ ਲੈ ਰਹੇ ਹਨ, ਜਿਨ੍ਹਾ ਨੂੰ ਫੇਰਬਦਲ ਤੋਂ ਬਾਅਦ ਊਰਜਾ ਮੰਤਰੀ ਬਣਾਇਆ ਗਿਆ ਹੈ।
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਤਰੀ ਮੰਡਲ ਫੇਰਬਦਲ ’ਚ ਸ਼ੌਕਤ ਤਰੀਨ ਨੂੰ ਦੇਸ਼ ਦਾ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਤਰੀਨ ਇਮਰਾਨ ਸਰਕਾਰ ’ਚ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਚੌਥੇ ਵਿਅਕਤੀ ਹਨ। ਪਾਕਿਸਤਾਨ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤਕਰੀਬਨ ਦੋ ਸਾਲ ਦੇ ਕਾਰਜਕਾਲ ’ਚ ਚੌਥੀ ਵਾਰ ਵਿੱਤ ਮੰਤਰੀ ਬਦਲਿਆ ਹੈ।
Shaukat Tareen
ਪੇਸ਼ੇ ਤੋਂ ਬੈਂਕਰ ਤਰੀਨ (68) ਇਸ ਤੋਂ ਪਹਿਲਾਂ ਪਾਕਿਸਤਾਨ ਪੀਪੁਲਜ਼ ਪਾਰਟੀ ਦੀ ਸਰਕਾਰ (2009-10) ਦੌਰਾਨ ਵੀ ਕੁਝ ਸਮੇਂ ਲਈ ਵਿੱਤ ਮੰਤਰੀ ਦਾ ਕਾਰਜਭਾਰ ਸੰਭਾਲ ਚੁੱਕੇ ਹਨ, ਹਾਲਾਂਕਿ ਬਾਅਦ ’ਚ ਆਪਣੇ ਸਿਲਕ ਬੈਂਕ ਲਈ ਪੂੰਜੀ ਜੁਟਾਉਣ ਲਈ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਕੁੱਝ ਸਮਾਂ ਪਹਿਲਾਂ ਤਰੀਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ ਤੇ ਉਨ੍ਹਾਂ ਨੇ ਸ਼ੁਰੂ ’ਚ ਇਹ ਅਹੁਦਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਬੀ.) ਨੇ ਉਨ੍ਹਾਂ ਦੇ ਖਿਲਾਫ ਲੱਗੇ ਦੋਸ਼ ਹਟਾਏ ਹਨ ਜਾਂ ਨਹੀਂ । ਸ਼ੌਕਤ ਤਰੀਨ ਹੱਮਾਦ ਅਜ਼ਹਰ ਦੀ ਥਾਂ ਲੈ ਰਹੇ ਹਨ, ਜਿਨ੍ਹਾ ਨੂੰ ਫੇਰਬਦਲ ਤੋਂ ਬਾਅਦ ਊਰਜਾ ਮੰਤਰੀ ਬਣਾਇਆ ਗਿਆ ਹੈ।