
'ਦ ਕੁਐਸਟ ਕੰਟੀਨਿਊਜ਼' ਕਿਤਾਬ ਦੇ ਲੇਖਕ ਸਿੰਗਾਪੁਰ ਦੇ ਨਾਗਰਿਕ ਅਮਰਦੀਪ ਸਿੰਘ ਹਨ
ਸ਼ਿਕਾਗੋ: ਪਾਕਿਸਤਾਨ ਵਿਚ ਸਿੱਖ ਸੱਭਿਆਚਾਰ ਦੀ ਵਿਰਾਸਤ ਤੇ ਝਾਤ ਪਾਉਂਦੀ ਕਿਤਾਬ ਸ਼ਿਕਾਗੋ ਵਿਖੇ ਲੋਕ ਅਰਪਣ ਕੀਤੀ ਗਈ ਅਤੇ ਇਸ ਮੌਕੇ ਪਾਕਿਸਤਾਨ ਦੇ ਕੌਂਸਲ ਜਨਰਲ ਫੈਸਲ ਨਿਆਜ਼ ਤਿਰਮੀਜ਼ੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। 'ਦ ਕੁਐਸਟ ਕੰਟੀਨਿਊਜ਼' ਕਿਤਾਬ ਦੇ ਲੇਖਕ ਸਿੰਗਾਪੁਰ ਦੇ ਨਾਗਰਿਕ ਅਮਰਦੀਪ ਸਿੰਘ ਹਨ ਅਤੇ ਇਹ ਉਨ੍ਹਾਂ ਦੀ ਦੂਜੀ ਕਿਤਾਬ ਹੈ, ਉਨ੍ਹਾਂ ਦੀ ਪਹਿਲੀ ਕਿਤਾਬ ਦਾ ਨਾਮ 'ਲੋਸਟ ਹੈਰੀਟੇਜ' ਹੈ। ਸਮਾਰੋਹ ਦੌਰਾਨ ਸੰਬੋਧਨ ਕਰਦੇ ਹੋਏ ਕੌਂਸਲ ਜਨਰਲ ਤਿਰਮੀਜ਼ੀ ਨੇ ਲੇਖਕ ਅਮਰਦੀਪ ਸਿੰਘ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਪਾਕਿਸਤਾਨ ਅਤੇ ਸਿੱਖ ਸਮਾਜ ਵਿਚਕਾਰ ਪੂਰੀ ਦੁਨੀਆ ਵਿਚ ਨੇੜਤਾ ਵਧੇਗੀ ਅਤੇ ਕਿਹਾ ਕਿ ਸਿੱਖ ਧਰਮ ਦੀ ਸ਼ੁਰੂਆਤ ਮੂਲ ਰੂਪ ਵਿਚ ਅੱਜ ਦੀ ਮੌਜ਼ੂਦਾ ਪਾਕਿਸਤਾਨ ਦੀ ਧਰਤੀ ਤੋਂ ਹੀ ਹੋਈ ਸੀ ਅਤੇ ਇਸੇ ਵਜਹ ਕਰਕੇ ਸਿੱਖਾਂ ਦੇ ਵਧੇਰੇ ਧਾਰਮਿਕ ਸਥਾਨ ਪਕਿਸਤਾਨ ਵਿਚ ਹੀ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਸਿੱਖਾਂ ਦੀ ਵਿਰਾਸਤ ਕੇਵਲ ਸਿਖਾਂ ਲਈ ਨਹੀਂ ਸਗੋਂ ਪਾਕਿਸਤਾਨੀ ਨਾਗਰਿਕਾਂ ਲਈ ਵੀ ਹੈ।