
ਪੁਲਿਸ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ, ਦਰਜਨਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ
ਯੇਰੂਸ਼ਲਮ : ਹਮਾਸ ਵਲੋਂ ਬੰਧਕ ਬਣਾਏ ਇਜ਼ਰਾਈਲੀ ਲੋਕਾਂ ਨੂੰ ਛੁਡਵਾਉਣ ਸਮਝੌਤੇ ਦਾ ਦਬਾਅ ਪਾਉਣ ਲਈ ਪੂਰੇ ਇਜ਼ਰਾਈਲ ’ਚ ਐਤਵਾਰ ਨੂੰ ਭਾਰੀ ਪ੍ਰਦਰਸ਼ਨ ਕੀਤੇ ਗਏ। ਇਜ਼ਰਾਈਲ ਦੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉਤੇ ਪਾਣੀ ਦੀਆਂ ਤੋਪਾਂ ਨਾਲ ਹਮਲਾ ਕੀਤਾ ਅਤੇ ਦਰਜਨਾਂ ਗ੍ਰਿਫਤਾਰੀਆਂ ਕੀਤੀਆਂ। ਪ੍ਰਦਰਸ਼ਨਕਾਰੀਆਂ ਨੇ ਇਕ ਦਿਨ ਦੀ ਦੇਸ਼ ਵਿਆਪੀ ਹੜਤਾਲ ਕਰ ਕੇ ਸਮਝੌਤੇ ਦੇ ਹੱਕ ਵਿਚ ਅਪਣੀ ਮੁਹਿੰਮ ਤੇਜ਼ ਕਰ ਦਿਤੀ ਹੈ। ਉਨ੍ਹਾਂ ਸੜਕਾਂ ਜਾਮ ਕਰ ਦਿਤੀਆਂ ਅਤੇ ਕਾਰੋਬਾਰ ਬੰਦ ਕਰ ਦਿਤੇ।
ਅਤਿਵਾਦੀ ਸਮੂਹਾਂ ਵਲੋਂ ਬੰਧਕਾਂ ਅਤੇ ਪੀੜਤ ਪਰਵਾਰਾਂ ਦੇ ਵੀਡੀਉ ਜਾਰੀ ਕਰਨ ਅਤੇ ਇਜ਼ਰਾਈਲ ਵਲੋਂ ਨਵੇਂ ਹਮਲੇ ਦੀ ਯੋਜਨਾ ਦਾ ਐਲਾਨ ਕਰਨ ਦੇ ਕੁੱਝ ਹਫ਼ਤਿਆਂ ਬਾਅਦ ਬੰਧਕਾਂ ਅਤੇ ਪੀੜਤ ਪਰਵਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਦੋ ਸਮੂਹਾਂ ਨੇ ਦੇਸ਼ ਪਧਰੀ ਬੰਦ ਕੀਤਾ।
ਪ੍ਰਦਰਸ਼ਨਕਾਰੀਆਂ ਨੂੰ ਡਰ ਹੈ ਕਿ ਹੋਰ ਲੜਾਈ ਉਨ੍ਹਾਂ ਬੰਧਕਾਂ ਨੂੰ ਖਤਰੇ ਵਿਚ ਪਾ ਸਕਦੀ ਹੈ, ਜਿਨ੍ਹਾਂ ਨੂੰ 7 ਅਕਤੂਬਰ, 2023 ਨੂੰ ਹਮਾਸ ਨੇ ਫੜ ਲਿਆ ਸੀ। ਇਜ਼ਰਾਈਲ ਦਾ ਮੰਨਣਾ ਹੈ ਕਿ ਲਗਭਗ 20 ਬੰਧਕ ਅਜੇ ਵੀ ਜ਼ਿੰਦਾ ਹਨ, ਹਮਾਸ ਨੇ ਲਗਭਗ 30 ਹੋਰਾਂ ਦੀਆਂ ਲਾਸ਼ਾਂ ਰੱਖੀਆਂ ਹੋਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਨਾਅਰੇ ਲਾਉਂਦੇ ਹੋਏ ਕਿਹਾ, ‘‘ਜੇ ਸਾਨੂੰ ਬੰਧਕਾਂ ਦੀਆਂ ਲਾਸ਼ਾਂ ਹੀ ਮਿਲੀਆਂ ਤਾਂ ਜੰਗ ਜਿੱਤਣ ਦਾ ਕੀ ਫ਼ਾਇਦਾ?’’
ਉਹ ਰਾਜਨੇਤਾਵਾਂ ਦੇ ਘਰਾਂ, ਫੌਜੀ ਹੈੱਡਕੁਆਰਟਰਾਂ ਅਤੇ ਪ੍ਰਮੁੱਖ ਰਾਜਮਾਰਗਾਂ ਸਮੇਤ ਪੂਰੇ ਇਜ਼ਰਾਈਲ ਵਿਚ ਦਰਜਨਾਂ ਥਾਵਾਂ ਉਤੇ ਇਕੱਠੇ ਹੋਏ, ਜਿੱਥੇ ਉਨ੍ਹਾਂ ਉਤੇ ਪਾਣੀ ਦੀਆਂ ਤੋਪਾਂ ਮਾਰੀਆਂ ਗਈਆਂ। ਕੁੱਝ ਰੈਸਟੋਰੈਂਟ ਅਤੇ ਥੀਏਟਰ ਇਕਜੁੱਟਤਾ ਨਾਲ ਬੰਦ ਰਹੇ।
ਤੇਲ ਅਵੀਵ ਦੇ ਪ੍ਰਦਰਸ਼ਨਕਾਰੀਆਂ ’ਚ ਇਕ ਔਰਤ ਵੀ ਸ਼ਾਮਲ ਸੀ, ਜਿਸ ਕੋਲ ਗਾਜ਼ਾ ਦੇ ਇਕ ਬੱਚੇ ਦੀ ਤਸਵੀਰ ਸੀ। ਅਜਿਹੀਆਂ ਤਸਵੀਰਾਂ ਕਦੇ ਇਜ਼ਰਾਈਲੀ ਪ੍ਰਦਰਸ਼ਨਾਂ ਵਿਚ ਬਹੁਤ ਘੱਟ ਹੁੰਦੀਆਂ ਸਨ, ਪਰ ਹੁਣ ਇਹ ਅਕਸਰ ਵਿਖਾਈ ਦਿੰਦੀਆਂ ਹਨ ਕਿਉਂਕਿ ਉੱਥੇ ਦੇ ਹਾਲਾਤ ਨੂੰ ਲੈ ਕੇ ਗੁੱਸਾ ਵਧ ਰਿਹਾ ਹੈ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਵਿਆਪੀ ਪ੍ਰਦਰਸ਼ਨ ਦੇ ਹਿੱਸੇ ਵਜੋਂ 38 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪਿਛਲੇ ਸਾਲ ਸਤੰਬਰ ਵਿਚ ਗਾਜ਼ਾ ਵਿਚ ਮ੍ਰਿਤਕ ਪਾਏ ਗਏ ਛੇ ਬੰਧਕਾਂ ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ ਦਾ ਸੱਭ ਤੋਂ ਭਿਆਨਕ ਪ੍ਰਦਰਸ਼ਨ ਹੈ। ਜ਼ਿਕਰਯੋਗ ਹੈ ਕਿ ਨੇਤਨਯਾਹੂ ਅਤੇ ਸਹਿਯੋਗੀ ਕਿਸੇ ਵੀ ਸਮਝੌਤੇ ਦਾ ਵਿਰੋਧ ਕਰਦੇ ਹਨ ਜੋ ਹਮਾਸ ਨੂੰ ਸੱਤਾ ਵਿਚ ਛੱਡ ਦਿੰਦਾ ਹੈ।