
ਆਸਟਰੇਲੀਆ ’ਚ ਸਿੱਖ ਪਰੰਪਰਾਵਾਂ ਖ਼ਤਰੇ ਵਿਚ!
ਸਿਡਨੀ : ਪਛਮੀ ਸਿਡਨੀ ਵਿਚ ਸੱਭ ਤੋਂ ਲੰਮੇ ਸਮੇਂ ਤੋਂ ਚੱਲ ਰਹੀ ਸਿੱਖ ਪਰੰਪਰਾਵਾਂ ਵਿਚੋਂ ਇਕ ਉਤੇ ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੀ ਪੁਲਿਸ ਵਲੋਂ ਪ੍ਰਗਟਾਈਆਂ ਸੁਰੱਖਿਆ ਚਿੰਤਾਵਾਂ ਕਾਰਨ ਰੋਕ ਲੱਗ ਗਈ ਹੈ। ਬਲੈਕਟਾਊਨ ਦੀ ਕੌਂਸਲ ਨੇ ਇਸ ਸਾਲ ਆਸਟਰੇਲੀਆਈ ਸਿੱਖ ਐਸੋਸੀਏਸ਼ਨ ਵਲੋਂ 24 ਅਗੱਸਤ ਨੂੰ ਗਲੇਨਵੁੱਡ ਵਿਚ ਕਰਵਾਏ ਜਾਣ ਵਾਲੇ ਸਾਲਾਨਾ ਨਗਰ ਕੀਰਤਨ ਨੂੰ ਮਨਜ਼ੂਰੀ ਨਹੀਂ ਦਿਤੀ।
ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਗਲੇਨਵੁੱਡ ਦੀਆਂ ਸੜਕਾਂ ਉਤੇ ਹਰ ਸਾਲ ਸਿੱਖ ਨਗਰ ਕੀਰਤਨ ਕਢਦੇ ਆ ਰਹੇ ਹਨ। ਇਸ ਨਗਰ ਕੀਰਤਨ ਵਿਚ ਆਮ ਤੌਰ ਉਤੇ ਲਗਭਗ 2000 ਲੋਕ ਸ਼ਮੂਲੀਅਤ ਕਰਦੇ ਹਨ, ਜਿਸ ਕਾਰਨ ਕਈ ਸੜਕਾਂ ਉਦੇ ਆਵਾਜਾਈ ਨੂੰ ਬੰਦ ਕਰਨਾ ਪੈਂਦਾ ਹੈ। ਇਕ ਸਥਾਨਕ ਅਖ਼ਬਾਰ ਅਨੁਸਾਰ, ਨਿਊ ਸਾਊਥ ਵੇਲਜ਼ ਦੀ ਪੁਲਿਸ ਵਲੋਂ ਨਗਰ ਕੀਰਤਨ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਪਿਛੇ ਜਿਹੇ ਹੋਏ ਭਾਰੀ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਪੁਲਿਸ ਦੇ ਵਿਆਪਕ ਤਣਾਅ ਦਾ ਹਿੱਸਾ ਹੈ। ਕੁੱਝ ਹਫਤੇ ਪਹਿਲਾਂ ਅਧਿਕਾਰੀਆਂ ਨੇ ਸਿਡਨੀ ਦੇ ਹਾਰਬਰ ਬਰਿਜ ਉਤੇ ਫਲਸਤੀਨ ਸਮਰਥਕ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜਿਸ ’ਚ 90,000 ਤੋਂ ਵੱਧ ਲੋਕ ਸ਼ਾਮਲ ਹੋਏ ਸਨ।
ਹਾਲਾਂਕਿ ਗਲੇਨਵੁੱਡ ਦੇ ਨਗਰ ਕੀਰਤਨ ਵਿਚ ਲੋਕ ਬਹੁਤ ਘੱਟ ਹੋ ਸਕਦੇ ਹਨ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫਿਰ ਵੀ ਸੁਰੱਖਿਆ ਲਈ ਖ਼ਤਰਾ ਹਨ। ਪੁਲਿਸ ਨੇ ਸੜਕ ਬੰਦ ਹੋਣ ਕਾਰਨ ਸੰਭਾਵਤ ਸੁਰੱਖਿਆ ਮਸਲਿਆਂ, ਭੀੜ ਨੂੰ ਕਾਬੂ ਕਰਨ ਅਤੇ ਟਰੈਫਿਕ ਉਤੇ ਪੈਣ ਵਾਲੇ ਅਸਰ ਦਾ ਹਵਾਲਾ ਦਿੰਦੇ ਹੋਏ ਰਸਤੇ ਉਤੇ ਇਤਰਾਜ਼ ਪ੍ਰਗਟਾਇਆ। ਰਿਵਰਸਟੋਨ ਪੁਲਿਸ ਏਰੀਆ ਕਮਾਂਡ ਦੇ ਸੁਪਰਡੈਂਟ ਜੇਸਨ ਜੋਇਸ ਨੇ ਚੇਤਾਵਨੀ ਦਿਤੀ ਕਿ ਮਾਰਚ ਵਿਚ ‘ਸੰਭਾਵਤ ਤੌਰ ਉਤੇ ਕਈ ਹਜ਼ਾਰ ਲੋਕ ਸ਼ਾਮਲ ਹੋ ਸਕਦੇ ਹਨ,’ ਜਿਸ ਨਾਲ ‘ਬੱਸਾਂ ਸਮੇਤ ਆਵਾਜਾਈ ਦੇ ਮਹੱਤਵਪੂਰਨ ਮਸਲੇ’ ਪੈਦਾ ਹੋ ਸਕਦੇ ਹਨ।
ਪੁਲਿਸ ਨੇ ਕਿਹਾ ਕਿ ਵੱਡੇ ਇਕੱਠ ਹਾਦਸਿਆਂ ਜਾਂ ਦੇਰੀ ਦੇ ਜੋਖਮ ਨੂੰ ਵਧਾਉਂਦੇ ਹਨ, ਇਹ ਵੀ ਕਿਹਾ ਕਿ ‘‘ਭਾਗੀਦਾਰਾਂ ਅਤੇ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੱਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।’’
ਦੂਜੇ ਪਾਸੇ ਨਗਰ ਕੀਰਤਨ ਕੱਢਣ ਵਾਲੇ ਗੁਰਦੁਆਰਾ ਸਾਹਿਬ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਪਰੇਡ ਦੇ ਲੰਮੇ ਇਤਿਹਾਸ ਤੋਂ ਬਾਹਰਾ ਹੈ। ਪ੍ਰਬੰਧਕੀ ਕਮੇਟੀ ਦੇ ਮੈਂਬਰ ਰਣਬੀਰ ਸਿੰਘ ਪਵਾਰ ਨੇ ਕਿਹਾ, ‘‘ਸਾਨੂੰ ਸਮਝ ਨਹੀਂ ਆ ਰਹੀ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਸਾਡੇ ਕੋਲ ਟਰੈਫਿਕ ਸਾਂਭਣ ਦੀ ਪੂਰੀ ਯੋਜਨਾ ਸੀ, ਅਤੇ ਇਹ ਐਤਵਾਰ ਨੂੰ ਕੀਤਾ ਜਾਣਾ ਹੈ, ਇਸ ਲਈ ਅਜਿਹਾ ਨਹੀਂ ਹੈ ਕਿ ਲੋਕ ਕੰਮ ਉਤੇ ਜਾਣ ਲਈ ਬੇਲੋੜੇ ਟਰੈਫਿਕ ਵਿਚ ਫਸਣ ਜਾ ਰਹੇ ਹਨ।’’
ਉਨ੍ਹਾਂ ਕਿਹਾ, ‘‘ਜੇਕਰ ਲੋਕਾਂ ਨੂੰ ਸਵੇਰੇ ਇਕ ਘੰਟੇ ਲਈ ਖੇਚਲ ਹੁੰਦੀ ਹੈ ਤਾਂ ਵੀ ਮੈਨੂੰ ਲਗਦਾ ਹੈ ਕਿ ਜ਼ਿਆਦਾਤਰ ਲੋਕ ਨਗਰ ਕੀਰਤਨ ਦਾ ਸਵਾਗਤ ਕਰਨਗੇ ਕਿਉਂਕਿ ਇਹ ਸ਼ਾਂਤੀ ਅਤੇ ਸ਼ਮੂਲੀਅਤ ਨੂੰ ਉਤਸ਼ਾਹਤ ਕਰਨ ਬਾਰੇ ਹੈ।’’ ਐਸੋਸੀਏਸ਼ਨ ਦੇ ਸਕੱਤਰ ਨਿਸ਼ਾਨ ਸਿੰਘ ਨੇ ਕਿਹਾ ਕਿ ਕੌਂਸਲ ਵਲੋਂ ਪ੍ਰਸਤਾਵਿਤ ਬਦਲ ਬਹੁਤ ਹੀ ਬੇਮਤਲਬ ਹੈ, ਜਿਸ ਵਿਚ ਨਗਰ ਕੀਰਤਨ ਬਲੈਕਟਾਊਨ ਸ਼ੋਅਗਰਾਊਂਡ ਵਿਚ ਕਰਵਾਉਣ ਦਾ ਸੁਝਾਅ ਦਿਤਾ ਗਿਆ ਹੈ। ਉਨ੍ਹਾਂ ਕਿਹਾ, ‘‘ਨਗਰ ਕੀਰਤਨ ਰਿਹਾਇਸ਼ੀ ਇਲਾਕਿਆਂ ’ਚ ਕਢਿਆ ਜਾਂਦਾ ਹੈ।’’
ਗਲੇਨਵੁੱਡ ਸਥਿਤ ਗੁਰਦੁਆਰਾ ਸਾਹਿਬ ਆਸਟਰੇਲੀਆ ਦੇ ਸੱਭ ਤੋਂ ਵੱਡੇ ਗੁਰਦੁਆਰਿਆਂ ਵਿਚੋਂ ਇਕ ਹੈ, ਜਿਥੇ ਹਜ਼ਾਰਾਂ ਲੋਕ ਆਉਂਦੇ ਹਨ। ਬਲੈਕਟਾਊਨ ਕੌਂਸਲ ਦਾ ਕਹਿਣਾ ਹੈ ਕਿ ਇਨਕਾਰ ਸਿਰਫ਼ ਪੁਲਿਸ ਦੇ ਇਤਰਾਜ਼ਾਂ ਉਤੇ ਅਧਾਰਤ ਸੀ। ਇਕ ਬੁਲਾਰੇ ਨੇ ਕਿਹਾ ਕਿ ਕੌਂਸਲ ਸਮਾਗਮ ਨੂੰ ਸੁਰੱਖਿਅਤ ਢੰਗ ਨਾਲ ਅੱਗੇ ਵਧਾਉਣ ਦੇ ਤਰੀਕਿਆਂ ਦੀ ਪਛਾਣ ਕਰਨ ਲਈ ਐਸੋਸੀਏਸ਼ਨ ਨਾਲ ਕੰਮ ਕਰਨ ਲਈ ਤਿਆਰ ਹੈ। ਗੱਲਬਾਤ ਜਾਰੀ ਹੈ ਕਿਉਂਕਿ ਐਸੋਸੀਏਸ਼ਨ ਨੂੰ ਉਮੀਦ ਹੈ ਕਿ ਇਸ ਫੈਸਲੇ ਨੂੰ ਬਦਲਿਆ ਜਾ ਸਕਦਾ ਹੈ।