
ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਜਵਾਈ 'ਜ਼ਾਲਮ' ਕਿਸਮ ਦਾ ਸੀ
ਕੋਟਾਯਮ - ਯੂ.ਕੇ. ਵਿੱਚ ਭਾਰਤੀ ਮੂਲ ਦੀ ਨਰਸ ਅਤੇ ਉਸ ਦੇ ਦੋ ਬੱਚਿਆਂ ਦਾ ਕਤਲ ਕੀਤੇ ਜਾਣ ਤੋਂ ਬਾਅਦ, ਉਸ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਇੱਥੇ ਦੋਸ਼ ਲਗਾਇਆ ਕਿ ਉਸ ਦਾ ਪਤੀ ਇੱਕ 'ਜ਼ਾਲਮ' ਵਿਅਕਤੀ ਸੀ ਅਤੇ ਉਹ ਪਹਿਲਾਂ ਵੀ ਆਪਣੀ ਪਤਨੀ ਨਾਲ ਕੁੱਟ-ਮਾਰ ਕਰ ਚੁੱਕਿਆ ਹੈ।
ਪਰਿਵਾਰ ਨੇ ਇੱਥੇ ਦੱਸਿਆ ਕਿ ਉਨ੍ਹਾਂ ਨੂੰ ਲਾਸ਼ਾਂ ਨੂੰ ਭਾਰਤ ਵਾਪਸ ਲਿਆਉਣ ਅਤੇ ਆਪਣੀ ਧੀ ਅਤੇ ਦੋਹਤਾ ਦੋਹਤੀ ਨੂੰ ਆਖਰੀ ਵਾਰ ਦੇਖਣ ਲਈ ਕਰੀਬ 30 ਲੱਖ ਰੁਪਏ ਦੀ ਲੋੜ ਸੀ।
ਪੂਰਬੀ ਇੰਗਲੈਂਡ ਦੇ ਨੌਰਥੈਂਪਟਨ ਦੇ ਕੇਟਰਿੰਗ ਵਿੱਚ ਆਪਣੇ ਘਰ ਵਿੱਚ ਨਰਸ ਅੰਜੂ ਅਸ਼ੋਕ (35) ਉਸ ਦਾ ਛੇ ਸਾਲਾ ਲੜਕਾ ਅਤੇ ਚਾਰ ਸਾਲਾ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਮਿਲੇ ਸੀ।
ਉੱਥੇ ਹੀ ਪੁਲਿਸ ਮੁਤਾਬਕ ਅੰਜੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਬੱਚਿਆਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਸੂਬੇ ਦੇ ਕੋਟਾਯਮ ਜ਼ਿਲ੍ਹੇ ਦੇ ਵੈਕੋਮ ਇਲਾਕੇ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਅਸ਼ੋਕ ਦੇ ਮਾਤਾ-ਪਿਤਾ ਨੇ ਕਿਹਾ ਕਿ ਸਥਾਨਕ ਪੁਲਿਸ ਨੇ ਬੀਤੀ ਰਾਤ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੀ ਧੀ ਦੇ ਪੋਸਟਮਾਰਟਮ ਮੁਤਾਬਕ ਉਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ।
ਅੱਜ ਉਨ੍ਹਾਂ ਦੇ ਦੋਹਤੇ ਅਤੇ ਦੋਹਤੀ ਦਾ ਪੋਸਟਮਾਰਟਮ ਕੀਤਾ ਜਾਣਾ ਸੀ।
ਅਸ਼ੋਕ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦਾ ਜਵਾਈ ਸਜੂ ਇੱਕ 'ਜ਼ਾਲਮ' ਵਿਅਕਤੀ ਸੀ ਅਤੇ ਜਦੋਂ ਉਹ ਸਾਊਦੀ ਅਰਬ 'ਚ ਜੋੜੇ ਨਾਲ ਰਹਿੰਦੀ ਸੀ, ਤਾਂ ਉਸ ਨੇ ਸਜੂ ਨੂੰ ਆਪਣੀ ਧੀ ਨਾਲ ਕੁੱਟਮਾਰ ਕਰਦੇ ਦੇਖਿਆ ਸੀ। ਉਨ੍ਹਾਂ ਮੁਤਾਬਕ ਉਹ ਬਹੁਤ ਜਲਦੀ ਗੁੱਸੇ 'ਚ ਆ ਜਾਂਦਾ ਸੀ ਅਤੇ ਬੱਚਿਆਂ ਦੀ ਕੁੱਟਮਾਰ ਵੀ ਕਰਦਾ ਸੀ।
ਉਸ ਨੇ ਪੱਤਰਕਾਰਾਂ ਨੂੰ ਕਿਹਾ, "ਪਰ ਮੇਰੀ ਧੀ ਨੇ ਕਦੇ ਸ਼ਿਕਾਇਤ ਨਹੀਂ ਕੀਤੀ। ਉਸ ਨੇ ਚੁੱਪਚਾਪ ਸਭ ਕੁਝ ਸਹਿ ਲਿਆ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਅਸੀਂ ਪਰੇਸ਼ਾਨ ਹੋਈਏ। ਮੈਨੂੰ ਯਕੀਨ ਹੈ ਕਿ ਜਦੋਂ ਉਹ ਇੰਗਲੈਂਡ ਗਈ ਤਾਂ ਉਸ ਦੀ ਬੇਰਹਿਮੀ ਜਾਰੀ ਰਹੀ।"
ਉਨ੍ਹਾਂ ਇਹ ਵੀ ਦੱਸਿਆ ਕਿ ਸਜੂ ਦੀ ਸਾਊਦੀ ਅਰਬ ਵਿੱਚ ਨੌਕਰੀ ਸੀ ਪਰ ਉਹ ਇੰਗਲੈਂਡ ਵਿੱਚ ਬੇਰੁਜ਼ਗਾਰ ਸੀ, ਫਿਰ ਵੀ ਉਹ ਪੈਸਿਆਂ ਦੇ ਮਾਮਲੇ ਆਪਣੇ ਹੱਥ 'ਚ ਰੱਖਦਾ ਸੀ ਅਤੇ ਉਨ੍ਹਾਂ ਨੂੰ ਕਦੇ-ਕਦਾਈਂ ਹੀ ਪੈਸੇ ਭੇਜਦਾ ਸੀ।
ਅੰਜੂ ਦੀ ਮਾਂ ਨੇ ਦਾਅਵਾ ਕੀਤਾ, "ਉਹੀ ਤੈਅ ਕਰਦਾ ਸੀ ਕਿ ਅਸੀਂ ਵੀਡੀਓ ਕਾਲ ਰਾਹੀਂ ਆਪਣੀ ਧੀ ਅਤੇ ਦੋਹਤੇ ਦੋਹਤੀ ਨੂੰ ਕਦੋਂ ਦੇਖ ਸਕਦੇ ਹਾਂ।"
ਉਸ ਨੇ ਇਹ ਵੀ ਕਿਹਾ ਕਿ ਉਸ ਦੇ ਜਵਾਈ ਦਾ ਪਰਿਵਾਰ ਕੰਨੂਰ ਤੋਂ ਹੈ ਅਤੇ ਉਹ ਆਪਣੀ ਧੀ ਅਤੇ ਦੋਹਤੇ-ਦੋਹਤੀ ਨੂੰ ਪਿਆਰ ਕਰਦੇ ਸਨ ਅਤੇ ਉਨ੍ਹਾਂ ਨੂੰ ਅੰਜੂ ਨਾਲ ਕਦੇ ਕੋਈ ਸ਼ਿਕਾਇਤ ਨਹੀਂ ਸੀ।
ਅੰਜੂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਬੰਗਲੌਰ ਤੋਂ ਨਰਸਿੰਗ ਦੀ ਪੜ੍ਹਾਈ ਕੀਤੀ ਸੀ ਅਤੇ ਉੱਥੇ ਕੰਮ ਕਰ ਰਹੀ ਸੀ, ਜਦੋਂ ਉਸ ਦੀ ਮੁਲਾਕਾਤ ਸਜੂ ਨਾਲ ਹੋਈ, ਜੋ ਇੱਕ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਸੀ।
ਉਨ੍ਹਾਂ ਨੇ ਕਿਹਾ, "ਇਹ ਪ੍ਰੇਮ ਵਿਆਹ ਸੀ। ਜਦੋਂ ਉਸ ਨੇ ਸਾਨੂੰ ਦੱਸਿਆ ਤਾਂ ਅਸੀਂ ਝਿਜਕ ਰਹੇ ਸੀ। ਪਰ ਉਹ ਦੋਵੇਂ ਬਾਲਗ ਅਤੇ ਪੜ੍ਹੇ-ਲਿਖੇ ਸਨ।"
ਪਿਤਾ ਨੇ ਕਿਹਾ ਕਿ ਉਸ ਨੂੰ ਆਪਣੀ ਧੀ ਅਤੇ ਦੋਹਤੇ-ਦੋਹਤੀ ਦੀਆਂ ਲਾਸ਼ਾਂ ਲਿਆਉਣ ਲਈ 30 ਲੱਖ ਰੁਪਏ ਦੀ ਲੋੜ ਹੈ ਅਤੇ ਐਨਾ ਪੈਸਾ ਇਕੱਠਾ ਕਰਨਾ ਉਸ ਦੀ ਸਮਰੱਥਾ ਤੋਂ ਬਾਹਰ ਹੈ।
ਉਸ ਨੇ ਕਿਹਾ ਕਿ 2018 ਦੇ ਹੜ੍ਹਾਂ ਵਿੱਚ ਉਹ ਸਭ ਕੁਝ ਗੁਆ ਚੁੱਕੇ ਹਨ ਅਤੇ ਹੁਣ ਉਨ੍ਹਾਂ ਕੋਲ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਅਤੇ ਘਰ ਹੀ ਬਚਿਆ ਹੈ।
ਉਨ੍ਹਾਂ ਕਿਹਾ, "ਮੈਨੂੰ ਉਮੀਦ ਹੈ ਕਿ ਲੋਕ ਮਦਦ ਕਰਨਗੇ। ਮੈਂ ਉਨ੍ਹਾਂ ਲੋਕਾਂ ਦਾ ਬਹੁਤ ਧੰਨਵਾਦੀ ਹੋਵਾਂਗਾ ਜੋ ਮਦਦ ਕਰ ਸਕਦੇ ਹਨ।"
ਅੰਜੂ 2021 ਤੋਂ ਨੈਸ਼ਨਲ ਹੈਲਥ ਸਰਵਿਸ ਵਿੱਚ ਇੱਕ ਨਰਸ ਸੀ ਅਤੇ ਕੇਟਰਿੰਗ ਜਨਰਲ ਹਸਪਤਾਲ ਵਿੱਚ ਕੰਮ ਕਰ ਰਹੀ ਸੀ।