
International News: ਹਮਲੇ ਤੋਂ ਬਾਅਦ ਗੋਲੀ ਚਲਾਉਣ ਵਾਲੀ ਵਿਦਿਆਰਥਅਣ ਨੇ ਵੀ ਕੀਤੀ ਖ਼ੁਦਕੁਸ਼ੀ, 6 ਹੋਰ ਜ਼ਖ਼ਮੀ
International News: ਅਮਰੀਕਾ ਦੇ ਵਿਸਕਾਨਸਿਨ ਸੂਬੇ ਦੇ ਇਕ ਸਕੂਲ 'ਚ ਸੋਮਵਾਰ ਨੂੰ 15 ਸਾਲਾ ਵਿਦਿਆਰਥਣ ਵਲੋਂ ਕੀਤੀ ਗੋਲੀਬਾਰੀ ਵਿਚ ਇਕ ਅਧਿਆਪਕ ਅਤੇ ਇਕ ਹੋਰ ਵਿਦਿਆਰਥੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦਸਿਆ ਕਿ 'ਐਬਡੈਂਟ ਲਾਈਫ਼' ਸਕੂਲ 'ਚ ਗੋਲੀ ਚਲਾਉਣ ਵਾਲੀ ਵਿਦਿਆਰਥਣ ਦੀ ਵੀ ਮੌਤ ਹੋ ਗਈ ਹੈ |
ਪੁਲਿਸ ਨੇ ਸੋਮਵਾਰ ਰਾਤ ਨੂੰ ਪ੍ਰੈੱਸ ਕਾਨਫ਼ਰੰਸ 'ਚ ਦਸਿਆ ਕਿ ਗੋਲੀਬਾਰੀ ਦੀ ਘਟਨਾ ਸਕੂਲ ਦੇ ਇਕ ਸਟੱਡੀ ਰੂਮ 'ਚ ਹੋਈ ਅਤੇ ਦੂਜੀ ਜਮਾਤ ਦੇ ਇਕ ਵਿਦਿਆਰਥੀ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ। ਵਿਸਕਾਨਸਿਨ ਪੁਲਿਸ ਨੇ ਦਸਿਆ ਕਿ ਵਿਦਿਆਰਥਣ ਦੀ ਪਛਾਣ ਨੈਟਲੀ ਰੂਪਨੋ ਵਜੋਂ ਹੋਈ ਹੈ।
ਮੈਡੀਸਨ ਦੇ ਪੁਲਿਸ ਮੁਖੀ ਸ਼ੌਨ ਬਾਰਨਜ਼ ਨੇ ਦਸਿਆ ਕਿ ਗੋਲੀਬਾਰੀ ਵਿਚ ਛੇ ਹੋਰ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਵਿਚ ਦੋ ਵਿਦਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬਾਰਨਜ਼ ਨੇ ਕਿਹਾ ਕਿ ਇਕ ਅਧਿਆਪਕ ਅਤੇ ਤਿੰਨ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਵਿਚੋਂ ਦੋ ਨੂੰ ਸੋਮਵਾਰ ਸ਼ਾਮ ਨੂੰ ਛੁੱਟੀ ਦੇ ਦਿਤੀ ਗਈ ।
ਪੁਲਿਸ ਨੇ ਦਸਿਆ ਕਿ ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਹਮਲਾਵਰ ਵਿਦਿਆਰਥਣ ਨੂੰ ਮ੍ਰਿਤਕ ਪਾਇਆ। ਉਨ੍ਹਾਂ ਦਸਿਆ ਕਿ ਸ਼ਾਇਦ ਹਮਲਾਵਰ ਨੇ ਖ਼ੁਦਕੁਸ਼ੀ ਕਰ ਲਈ ਹੈ। ਬਾਰਨਜ਼ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿਤਾ। ਬਾਰਨਜ਼ ਨੇ ਕਿਹਾ ਕਿ ਗੋਲੀਬਾਰੀ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਬਾਰੇ ਪਤਾ ਲਗਾਉਣ ਲਈ ਹਮਲਾਵਰ ਵਿਦਿਆਰਥਣ ਦੇ ਮਾਪਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜੇ ਤਕ ਕੋਈ ਜਾਣਕਾਰੀ ਨਹੀਂ ਹੈ ਕਿ ਗੋਲੀਬਾਰੀ ਪਹਿਲਾਂ ਤੋਂ ਯੋਜਨਾਬੱਧ ਸੀ ਜਾਂ ਨਹੀਂ।ਅਬਡੈਂਟ ਲਾਈਫ' ਇਕ ਗ਼ੈਰ-ਸੰਪਰਦਾਇਕ ਈਸਾਈ ਸਕੂਲ ਹੈ ਜਿਸ ਵਿਚ ਕਿੰਡਰਗਾਰਟਨ ਤੋਂ ਹਾਈ ਸਕੂਲ ਤਕ ਲਗਭਗ 400 ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਮੈਡੀਸਨ ਦੇ ਇਕ ਘਰ 'ਤੇ ਤਲਾਸ਼ੀ ਵਾਰੰਟ ਕੱਢਿਆ ਗਿਆ ਸੀ।
ਬਾਰਨਜ਼ ਨੇ ਦਸਿਆ ਕਿ ਜਦੋਂ ਗੋਲੀਬਾਰੀ ਹੋਈ ਤਾਂ ਕਲਾਸਾਂ ਚੱਲ ਰਹੀਆਂ ਸਨ। ਉਸ ਨੇ ਇਹ ਦੱਸਣ ਤੋਂ ਇਨਕਾਰ ਕਰ ਦਿਤਾ ਕਿ ਘਟਨਾ ਸਕੂਲ ਵਿਚ ਕਿੱਥੇ ਵਾਪਰੀ ਹੈ। ਪੁਲਿਸ ਨੇ ਘਟਨਾ ਤੋਂ ਬਾਅਦ ਸਕੂਲ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਬੰਦ ਕਰ ਦਿਤਾ ਅਤੇ ਫੈਡਰਲ ਏਜੰਟ ਅਧਿਕਾਰੀਆਂ ਦੀ ਜਾਂਚ ਵਿਚ ਸਹਾਇਤਾ ਕਰਨ ਲਈ ਮੌਕੇ 'ਤੇ ਸਨ।
ਇਕ ਬਿਆਨ ਵਿਚ, ਰਾਸ਼ਟਰਪਤੀ ਜੋਅ ਬਿਡੇਨ ਨੇ ਘਟਨਾ ਦਾ ਹਵਾਲਾ ਦਿੰਦੇ ਹੋਏ, ਕਾਂਗਰਸ (ਯੂਐਸ ਪਾਰਲੀਮੈਂਟ) ਨੂੰ ਬੰਦੂਕ ਬਾਰੇ ਵਿਸ਼ਵਵਿਆਪੀ ਪਿਛੋਕੜ ਦੀ ਜਾਂਚ, 'ਰਾਸ਼ਟਰੀ ਲਾਲ ਝੰਡਾ ਕਾਨੂੰਨ' ਅਤੇ ਕੁਝ ਬੰਦੂਕ ਪਾਬੰਦੀਆਂ ਪਾਸ ਕਰਨ ਦੀ ਮੰਗ ਕੀਤੀ। ਬਿਡੇਨ ਨੇ ਕਿਹਾ, "ਇਸ ਤਰ੍ਹਾਂ ਦੀ ਹਿੰਸਾ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ, ਜੋ ਬੱਚਿਆਂ, ਉਨ੍ਹਾਂ ਦੇ ਪ੍ਰਵਾਰਾਂ ਨੂੰ ਸਦਮੇ ਵਿਚ ਪਾਉਂਦਾ ਹੈ ਅਤੇ ਪੂਰੇ ਸਮਾਜ ਨੂੰ ਤੋੜਦਾ ਹੈ।"