ਮਲਬੇ ਹੇਠ ਦੱਬੇ ਦਰਜਨ ਤੋਂ ਵੱਧ ਟਰੱਕ, ਬਚਾਅ ਕਾਰਜ ਜਾਰੀ
ਤੋਰਖਮ: ਉੱਤਰ-ਪੱਛਮੀ ਪਾਕਿਸਤਾਨ ਦੇ ਸਰਹੱਦੀ ਸ਼ਹਿਰ ਤੋਰਖਮ ਨੇੜੇ ਜ਼ਮੀਨ ਖਿਸਕਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਘੱਟੋ-ਘੱਟ ਦੋ ਅਫ਼ਗ਼ਾਨ ਨਾਗਰਿਕਾਂ ਦੀ ਮੌਤ ਹੋ ਗਈ ਹੈ ਜਦਕਿ ਹੋਰ ਕਈ ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਖਿਸਕਣ ਕਾਰਨ ਕਰੀਬ 20 ਟਰੱਕ ਮਲਬੇ ਹੇਠ ਦੱਬੇ ਗਏ ਹਨ।
ਸਥਾਨਕ ਮੀਡੀਆ ਮੁਤਾਬਕ ਅਫ਼ਗ਼ਾਨਿਸਤਾਨ ਸਰਹੱਦ ਨੇੜੇ ਖੈਬਰ ਪਖਤੂਨਖਵਾ ਦੇ ਖੈਬਰ ਦੱਰੇ ਤੋਂ ਲੰਘਣ ਵਾਲੀ ਮੁੱਖ ਸੜਕ 'ਤੇ ਮੰਗਲਵਾਰ ਤੜਕੇ ਢਿੱਗਾਂ ਡਿੱਗ ਗਈਆਂ, ਜਿਸ ਨਾਲ ਮਾਲ ਲਿਜਾ ਰਹੇ ਕਈ ਟਰੱਕ ਦੱਬ ਗਏ।
ਇਹ ਵੀ ਪੜ੍ਹੋ: ਬੈਂਕ ਵਿਚ ਕਰੰਟ ਲੱਗਣ ਕਾਰਨ ਔਰਤ ਦੀ ਮੌਤ
ਬਚਾਅ ਅਧਿਕਾਰੀਆਂ ਮੁਤਾਬਕ ਢਿੱਗਾਂ ਡਿੱਗਣ ਕਾਰਨ ਦੋ ਅਫ਼ਗ਼ਾਨ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਅਧਿਕਾਰੀ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੀਡੀਆ ਰਿਪੋਰਟਾਂ 'ਚ ਖੈਬਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਬਦੁਲ ਨਾਸਿਰ ਖਾਨ ਦੇ ਹਵਾਲੇ ਨਾਲ ਕਿਹਾ, ''ਢਿੱਗਾਂ ਡਿੱਗਣ ਕਾਰਨ ਦੋ ਅਫ਼ਗ਼ਾਨ ਨਾਗਰਿਕ ਮਾਰੇ ਗਏ ਅਤੇ ਅਧਿਕਾਰੀ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਘੱਟੋ-ਘੱਟ ਅੱਠ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।''
ਹੋਰ ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਜਮ੍ਹਾ ਹੋਇਆ ਮਲਬਾ ਬਹੁਤ ਜ਼ਿਆਦਾ ਸੀ ਅਤੇ ਬਚਾਅ ਕਾਰਜ ਵਿਚ ਭਾਰੀ ਮਸ਼ੀਨਰੀ ਦੀ ਮਦਦ ਲਈ ਜਾ ਰਹੀ ਹੈ। ਇਹ ਘਟਨਾ ਪਾਕਿਸਤਾਨ ਨੂੰ ਅਫ਼ਗ਼ਾਨਿਸਤਾਨ ਨਾਲ ਜੋੜਨ ਵਾਲੀ ਮੁੱਖ ਸੜਕ 'ਤੇ ਵਾਪਰੀ। ਇਸ ਦੌਰਾਨ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਜ਼ਮੀਨ ਖਿਸਕਣ ਤੋਂ ਤੁਰੰਤ ਬਾਅਦ ਅੱਗ ਲੱਗ ਗਈ ਕਿਉਂਕਿ ਟਰੱਕ ਡਰਾਈਵਰ ਗੈਸ ਚੁੱਲ੍ਹੇ 'ਤੇ ਸੇਹਰੀ ਲਈ ਖਾਣਾ ਬਣਾ ਰਹੇ ਸਨ। ਹੁਣ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।