
ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਸਿਵਲ ਮਾਮਲਿਆਂ ਵਿਚ ਭਾਗੀਦਾਰੀ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ।
US News: ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਅਹੁਦੇ ਲਈ ਚੋਣ ਲੜਨ ਅਤੇ ਹਰ ਵਾਰ ਵੋਟ ਜ਼ਰੂਰ ਪਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਸਿਵਲ ਮਾਮਲਿਆਂ ਵਿਚ ਭਾਗੀਦਾਰੀ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ।
ਕ੍ਰਿਸ਼ਨਾਮੂਰਤੀ ਨੇ ਡੈਮੋਕ੍ਰੇਟਿਕ ਥਿੰਕ ਟੈਂਕ ਇੰਡੀਅਨ ਅਮਰੀਕਨ ਇਮਪੈਕਟ ਦੇ ਸਾਲਾਨਾ ਸਮਾਰੋਹ ਲਈ ਭਾਰਤੀ-ਅਮਰੀਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਸਾਨੂੰ ਵੋਟ ਪਾਉਣੀ ਪਵੇਗੀ। ਕੀ ਇਥੇ ਮੌਜੂਦ ਹਰ ਕੋਈ ਆਉਣ ਵਾਲੀਆਂ ਚੋਣਾਂ ਵਿਚ ਵੋਟ ਪਾਵੇਗਾ? ਕਿਉਂਕਿ ਅਸੀਂ ਸਾਰਾ ਦਿਨ ਰਾਜਨੀਤੀ ਬਾਰੇ ਗੱਲ ਕਰ ਸਕਦੇ ਹਾਂ, ਪਰ ਰਾਜਨੀਤੀ ਦਾ ਹਿੱਸਾ ਬਣਨਾ ਵੱਖਰੀ ਗੱਲ ਹੈ। ਯਾਦ ਰੱਖੋ, ਰਾਜਨੀਤੀ ਸਿਰਫ ਇਕ ਨਾਮ ਨਹੀਂ ਹੈ, ਇਹ ਇਕ ਕਿਰਿਆ ਹੈ ਅਤੇ ਸਾਨੂੰ ਇਸ ਸਾਲ ਰਾਜਨੀਤੀ ਵਿਚ ਹਿੱਸਾ ਲੈਣਾ ਹੈ। ਸਾਨੂੰ ਵੋਟ ਪਾਉਣੀ ਪਵੇਗੀ। ’’
ਉਨ੍ਹਾਂ ਦੀ ਇਹ ਟਿੱਪਣੀ ਨਵੰਬਰ 2024 ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਈ ਹੈ, ਜਿਸ ਵਿਚ ਡੈਮੋਕ੍ਰੇਟ ਨੇਤਾ ਅਤੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦਾ ਮੁਕਾਬਲਾ ਰਿਪਬਲਿਕਨ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਵੇਗਾ।
ਪ੍ਰਤੀਨਿਧੀ ਸਭਾ 'ਚ ਸ਼ਿਕਾਗੋ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਨੇ ਕਿਹਾ, “ਦੂਜੀ ਗੱਲ ਇਹ ਹੈ ਕਿ ਸਾਨੂੰ ਅਪਣੇ ਨਾਲੋਂ ਜ਼ਿਆਦਾ ਸਿਆਸੀ ਹਿੱਤਾਂ ਲਈ ਕੰਮ ਕਰਨਾ ਹੋਵੇਗਾ। ਸਾਨੂੰ ਅਪਣੇ ਸਥਾਨਕ ਮੰਦਰਾਂ ਦਾ ਸਮਰਥਨ ਕਰਨਾ ਪਵੇਗਾ। ਸਾਨੂੰ ਸਥਾਨਕ ਮਸਜਿਦਾਂ ਦਾ ਸਮਰਥਨ ਕਰਨਾ ਪਵੇਗਾ। ਸਾਨੂੰ ਅਪਣੀਆਂ ਸਥਾਨਕ ਗੈਰ-ਲਾਭਕਾਰੀ ਸੰਸਥਾਵਾਂ ਦਾ ਸਮਰਥਨ ਕਰਨਾ ਪਵੇਗਾ। ਮੈਨੂੰ ਉਮੀਦ ਹੈ ਕਿ ਤੁਸੀਂ ਅਜਿਹਾ ਕਰੋਗੇ। ’’
ਉਨ੍ਹਾਂ ਕਿਹਾ, “ਚਾਹੇ ਤੁਸੀਂ ਡੈਮੋਕ੍ਰੇਟ ਹੋ, ਰਿਪਬਲਿਕਨ ਹੋ ਜਾਂ ਆਜ਼ਾਦ, ਮੈਨੂੰ ਇਸ ਦੀ ਪਰਵਾਹ ਨਹੀਂ ਹੈ। ਬੱਸ ਸਮਝੋ ਕਿ ਤੁਹਾਨੂੰ ਆਪਣੇ ਦੇਸ਼ ਦੇ ਪ੍ਰਬੰਧਕੀ ਮਾਮਲਿਆਂ ਵਿਚ ਭਾਗ ਲੈਣ ਦੀ ਲੋੜ ਹੈ ਅਤੇ ਹੁਣ ਅਜਿਹਾ ਕਰਨ ਦਾ ਸਮਾਂ ਹੈ। ’’ ਉਨ੍ਹਾਂ ਕਿਹਾ, “ਮੇਰਾ ਤੀਜਾ ਅਤੇ ਆਖਰੀ ਨੁਕਤਾ ਇਹ ਹੈ ਕਿ ਹੁਣ ਸਾਰੇ ਪੱਧਰਾਂ 'ਤੇ ਚੋਣਾਂ ਲੜਨ ਦਾ ਸਮਾਂ ਆ ਗਿਆ ਹੈ। ’’ ਇਸੇ ਪ੍ਰੋਗਰਾਮ 'ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਅਮਰੀਕਾ 'ਚ ਚੁਣੇ ਹੋਏ ਅਹੁਦਿਆਂ 'ਤੇ ਭਾਰਤੀ-ਅਮਰੀਕੀਆਂ ਦੀ ਨੁਮਾਇੰਦਗੀ ਘੱਟ ਹੈ।
ਕ੍ਰਿਸ਼ਨਾਮੂਰਤੀ ਨੇ ਕਿਹਾ, “ਇਸ ਲਈ ਮੈਨੂੰ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਚੋਣ ਲੜਨ ਬਾਰੇ ਸੋਚਣਗੇ। ਤੁਸੀਂ ਸਿਟੀ ਕੌਂਸਲ ਲਈ ਲੜ ਸਕਦੇ ਹੋ, ਰਾਜ ਵਿਧਾਨ ਸਭਾ ਲਈ ਲੜ ਸਕਦੇ ਹੋ ਜਾਂ ਸੈਨੇਟ ਲਈ ਲੜ ਸਕਦੇ ਹੋ। ਤੁਸੀਂ ਕਾਂਗਰਸ ਲਈ ਲੜਦੇ ਹੋ। ’’ ਕ੍ਰਿਸ਼ਨਾਮੂਰਤੀ ਨੇ ਭਾਈਚਾਰੇ ਨੂੰ ਲਾਮਬੰਦ ਕਰਨ ਵਿਚ ਥਿੰਕ ਟੈਂਕ 'ਭਾਰਤੀ-ਅਮਰੀਕੀ ਇੰਪੈਕਟ' ਦੀ ਭੂਮਿਕਾ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇੰਪੈਕਟ (ਥਿੰਕ ਟੈਂਕ) ਇਕ ਵੱਡਾ ਬਦਲਾਅ ਲਿਆ ਰਿਹਾ ਹੈ ਤਾਂ ਜੋ ਅਸੀਂ ਸਾਰੇ ਪੱਧਰਾਂ 'ਤੇ ਵੱਧ ਤੋਂ ਵੱਧ ਲੋਕਾਂ ਨੂੰ ਲਿਆ ਸਕੀਏ। ’’